ਪੰਜਾਬ ਪੇਅ ਸਕੇਲ ਬਹਾਲ ਕਰਵਾਉਣਾ ਹੈ ਮੁੱਖ ਮੰਗ
ਸੰਗਰੂਰ, 28 ਜੂਨ, 2023: ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਆਗੂਆਂ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੀ ਆਪ ਸਰਕਾਰ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨਾਲ਼ ਵਿਸ਼ਵਾਸਘਾਤ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ 17 ਜੁਲਾਈ 2020 ਨੂੰ ਕਰੋਨਾ ਕਾਲ ਵਿੱਚ ਬਿਨਾਂ ਕਿਸੇ ਚਰਚਾ ਤੋਂ ਇਕ ਮੁਲਾਜਮ ਮਾਰੂ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਤਹਿਤ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਪੇਅ ਸਕੇਲਾਂ ਦੀ ਤਰਜ਼ ਤੇ ਤਨਖ਼ਾਹ ਮਿਲੇਗੀ, ਪਰ ਉਸ ਪੱਤਰ ਤਹਿਤ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਨਾਂ ਹੀ ਪੰਜਾਬ ਦੇ ਪੇਅ ਸਕੇਲ ਅਨੁਸਾਰ ਤਨਖ਼ਾਹ ਮਿਲ ਰਹੀ ਹੈ ਤੇ ਨਾਂ ਹੀ ਕੇਂਦਰ ਦੇ ਪੇਅ ਸਕੇਲ ਅਨੁਸਾਰ। ਉਕਤ ਨੋਟੀਫਿਕੇਸ਼ਨ ਇਕ ਅਧੂਰਾ ਨੋਟੀਫਿਕੇਸ਼ਨ ਹੈ। ਜਿਸ ਤਹਿਤ ਮੁਲਾਜ਼ਮਾਂ ਨੂੰ ਕੇਂਦਰ ਦੇ ਅਨੁਸਾਰ ਬਣਦੇ ਪੇਅ ਲੈਵਲ ਤੋਂ ਵੀ 2 ਲੈਵਲ ਹੇਠਾਂ ਰੱਖਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸਮੇਂ ਇਹ ਲਾਗੂ ਹੋਇਆ ਸੀ। ਉਸ ਸਮੇਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿੱਚ ਸੀ ਤੇ ਉਸ ਸਮੇਂ ਦੇ ਵਿਰੋਧੀ ਧਿਰ ਨੇਤਾ ਸ੍ਰ ਹਰਪਾਲ ਚੀਮਾ ਤੇ ਵਿਧਾਇਕ ਸ਼੍ਰੀ ਅਮਨ ਅਰੋੜਾ ਨੇ ਇਹਨਾਂ ਅਧੂਰੇ ਪੇਅ ਸਕੇਲਾਂ ਬਾਰੇ ਵੀਡੀਓ ਪਾ ਕੇ ਤੇ ਧਰਨਿਆਂ ਵਿੱਚ ਸ਼ਮੂਲੀਅਤ ਕਰਕੇ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਦੀ ਨਿਖੇਧੀ ਕੀਤੀ ਸੀ, ਪਰ ਅਫਸੋਸ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਹੀ ਸ੍ਰ ਹਰਪਾਲ ਚੀਮਾ ਜੋ ਅੱਜ ਸੂਬੇ ਦੇ ਵਿੱਤ ਮੰਤਰੀ ਹਨ ਤੇ ਅਮਨ ਅਰੋੜਾ ਜੀ ਅੱਜ ਕੈਬਨਿਟ ਮੰਤਰੀ ਹਨ ਤੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਵਾਸਤੇ ਬਣੀਂ ਸਬ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਹਨ। ਇਸ ਕਮੇਟੀ ਨਾਲ਼ ਵੱਖ ਵੱਖ ਮੀਟਿੰਗਾਂ ਵੀ ਇਸ ਸੰਬੰਧੀ ਮੁਲਾਜ਼ਮ ਕਰ ਚੁੱਕੇ ਹਨ। ਪਰ, ਇਸ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪੰਜਾਬ ਦਾ ਪੇਅ ਸਕੇਲ ਬਹਾਲ ਕਰਨ ਦੀ ਥਾਂ ਤੇ ਇਹ ਸਰਕਾਰ ਵੀ ਮਨਪ੍ਰੀਤ ਬਾਦਲ ਦੀਆਂ ਮਾੜੀਆਂ ਨੀਤੀਆਂ ਤੇ ਮੋਹਰ ਲਗਾ ਕੇ ਉਹਨਾਂ ਮੁਲਾਜ਼ਮ ਮਾਰੂ ਕੇਂਦਰੀ ਪੇਅ ਸਕੇਲਾਂ ਨੂੰ ਹੀ ਸਹੀ ਦੱਸ ਰਹੀ ਹੈ। ਜਿਸ ਤਹਿਤ ਕੱਲ ਵਿੱਤ ਵਿਭਾਗ ਦੁਆਰਾ ਜਾਰੀ ਪੱਤਰ ਅਨੁਸਾਰ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦੇ ਭੱਤੇ ਲਾਗੂ ਹੋਣਗੇ। ਇਸ ਦਾ ਨਾਮ ਕੇਂਦਰੀ ਪੇਅ ਸਕੇਲ ਆ ਪਰ, ਸਕੇਲ ਅਧੂਰੇ ਆ ਜੋ ਕਿ ਨਾਂ ਪੰਜਾਬ ਦੇ ਤੇ ਨਾਂ ਹੀ ਕੇਂਦਰੀ; ਪਰ ਸਿਰਫ਼ ਭੱਤੇ ਪੰਜਾਬ ਦੇ ਲਾਗੂ। ਇਸ ਤਰ੍ਹਾਂ ਇਹ ਸਭ ਲਾਗੂ ਹੋਣ ਨਾਲ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਨਵੇਂ ਭਰਤੀ ਮੁਲਾਜ਼ਮਾਂ ਨੂੰ 15 ਤੋਂ 20 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਘੱਟ ਮਿਲ ਰਹੀ ਹੈ। ਜਦੋਂ ਕਿ ਬਰਾਬਰ ਅਸਾਮੀ, ਬਰਾਬਰ ਕੰਮ ਅਤੇ ਬਰਾਬਰ ਤਨਖਾਹ ਮਿਲਣੀ ਚਾਹੀਦੀ ਹੈ। ਇਹ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕਰਕੇ ਆਈ ਸੀ ਕਿ ਅਸੀਂ ਇਹ ਮੁਲਾਜ਼ਮ ਮਾਰੂ ਪੇਅ ਸਕੇਲਾਂ ਦਾ ਨੋਟੀਫਿਕੇਸ਼ਨ ਰੱਦ ਕਰਕੇ ਸਮੂਹ ਮੁਲਾਜ਼ਮਾਂ ਤੇ ਪੰਜਾਬ ਦਾ ਪੇਅ ਸਕੇਲ ਬਹਾਲ ਕਰਾਂਗੇ ਤੇ ਪਰਖਕਾਲ ਦੌਰਾਨ ਪੂਰੇ ਭੱਤਿਆਂ ਸਮੇਤ ਤਨਖ਼ਾਹ ਦੇਵਾਂਗੇ। ਆਗੂਆਂ ਨੇ ਦੱਸਿਆ ਕਿ ਹੁਣ ਤੱਕ ਲਗਭਗ 45 ਹਜ਼ਾਰ ਮੁਲਾਜ਼ਮ ਇਸ ਤੋਂ ਪੀੜਤ ਹਨ ਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਰਕਾਰ ਦੇ ਇਸ ਮੁਲਾਜ਼ਮ ਮਾਰੂ ਫ਼ੈਸਲੇ ਕਾਰਨ ਸਾਰੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਮੁਲਾਜ਼ਮਾਂ ਦੀ ਮੰਗ ਹੈ ਕਿ ਪੰਜਾਬ ਦਾ ਪੇਅ ਸਕੇਲ ਬਹਾਲ ਕੀਤਾ ਜਾਵੇ।
ਆਗੂਆਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਹੋਈ ਹੈ। ਉਹਨਾਂ ਨੇ ਇਹ ਮੰਗਾਂ ਮੁੱਖ ਮੰਤਰੀ ਪੰਜਾਬ ਕੋਲ਼ ਰੱਖਣ ਤੇ 17 ਜੁਲਾਈ ਨੂੰ ਵਿੱਤ ਮੰਤਰੀ ਨਾਲ਼ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਅਸੀਂ ਸਾਰੇ ਮੁਲਾਜ਼ਮ ਇਹਨਾਂ ਮੁਲਾਜ਼ਮ ਮਾਰੂ ਅਧੂਰੇ ਪੇਅ ਸਕੇਲਾਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜੇਕਰ 17 ਜੁਲਾਈ ਨੂੰ ਮੀਟਿੰਗ ਨਹੀਂ ਹੁੰਦੀ ਜਾਂ ਫਿਰ ਮੀਟਿੰਗ ਵਿੱਚ ਹੱਲ ਨਹੀਂ ਨਿਕਲਦਾ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਵਾਸਤੇ ਅਸੀਂ ਪਲਾਨ ਤਿਆਰ ਕਰ ਲਿਆ ਹੈ। 3 ਜੁਲਾਈ ਤੋਂ 10 ਜੁਲਾਈ ਤੱਕ ਇਹਨਾਂ ਮੁਲਾਜ਼ਮ ਮਾਰੂ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ 11 ਜੁਲਾਈ ਤੋਂ 31 ਜੁਲਾਈ ਤੱਕ ਪੰਜਾਬ ਦੇ ਹਰੇਕ ਮੰਤਰੀ/ਵਿਧਾਇਕ ਤੱਕ ਪਹੁੰਚ ਕਰਕੇ ਇਹਨਾਂ ਮੁਲਾਜ਼ਮ ਮਾਰੂ ਸਕੇਲਾਂ ਨੂੰ ਰੱਦ ਕਰਨ ਵਾਸਤੇ ਮੰਗ ਪੱਤਰ ਦਿੱਤੇ ਜਾਣਗੇ। ਇਸ ਉਪਰੰਤ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਿਆਂ ਵਿੱਚ ਰੋਸ ਮਾਰਚ ਕੀਤੇ ਜਾਣਗੇ ਤੇ ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਇਸ ਸੰਬੰਧੀ ਲਾਮਬੰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਸੁਹਿਰਦਤਾ ਵਿਖਾ ਕੇ ਇਹਨਾਂ ਮੰਗਾਂ ਦਾ ਹੱਲ ਨਾਂ ਕੀਤਾ ਤਾਂ 2024 ਤੇ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਦੀ ਸਰਕਾਰ ਤੇ ਮਨਪ੍ਰੀਤ ਬਾਦਲ ਵਾਂਗ ਹੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਇਸ ਮੌਕੇ ਸੂਬਾ ਕਨਵੀਨਰ ਜੁਝਾਰ ਸਿੰਘ, ਸਸ਼ਪਾਲ ਸਿੰਘ, ਜੱਗਾ ਬੋਹਾ, ਗੌਰਵ ਕੁਮਾਰ, ਸਲਿੰਦਰ ਕੰਬੋਜ, ਯੁੱਧਜੀਤ ਸਿੰਘ, ਹਰਜਿੰਦਰ ਸਿੰਘ, ਨਵਜੀਵਨ ਸਿੰਘ, ਜਰਨੈਲ ਸਿੰਘ, ਅਦਿੱਤਿਆ ਕਤਿਆਲ, ਰਾਜਵਿੰਦਰ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।