ਦਲਜੀਤ ਕੌਰ
ਸੰਗਰੂਰ, 8 ਸਤੰਬਰ, 2023: ਮਾਸਟਰ ਕੇਡਰ 4161 ਯੂਨੀਅਨ ਪੰਜਾਬ ਨੇ ਅੱਜ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਮਾਸਟਰ ਕੇਡਰ 4161 ਭਰਤੀ ਦੀ ਦੂਜੀ ਲਿਸਟ ਜਲਦੀ ਜਾਰੀ ਕੀਤੀ ਜਾਵੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਸੂਬਾ ਪ੍ਰਧਾਨ ਰਸ਼ਪਾਲ ਜਲਾਲਾਬਾਦ, ਮੀਤ ਪ੍ਰਧਾਨ ਮਾਲਵਿੰਦਰ ਬਰਨਾਲਾ ਅਤੇ ਜਨਰਲ ਸਕੱਤਰ ਬਲਕਾਰ ਬੁਢਲਾਡਾ ਨੇ ਦੱਸਿਆ ਕਿ 4161 ਮਾਸਟਰ ਕੇਡਰ ਭਰਤੀ ਜਿਸਦਾ ਇਸ਼ਤਿਹਾਰ 2021 ਵਿੱਚ ਆਇਆ ਸੀ ਅਜੇ ਵੀ ਪੂਰੀ ਹੋਣ ਦੀ ਉਡੀਕ ਵਿਚ ਹੈ। ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ 4161 ਦੇ ਪਹਿਲੀ ਲਿਸਟ ਦੇ ਸਾਰੇ ਵਿਸ਼ਿਆਂ ਦੇ ਉਮੀਦਵਾਰਾਂ ਨੂੰ ਸਕੂਲਾਂ ਵਿਚ ਭੇਜ ਦਿੱਤਾ ਗਿਆ ਹੈ, ਪਰ ਦੂਜੀ ਲਿਸਟ ਵਾਲੇ ਉਮੀਦਵਾਰ ਹੁਣ ਵੀ ਸਕੂਲਾਂ ਵਿੱਚ ਜਾਣ ਦੀ ਉਡੀਕ ਕਰ ਰਹੇ ਹਨ। ਬੀਤੀ ਮਿਤੀ 30 ਅਗਸਤ 2023 ਨੂੰ ਮਾਸਟਰ ਕੇਡਰ 4161 ਯੂਨੀਅਨ ਦੇ ਮੈਂਬਰਾਂ ਦੀ ਮੀਟਿੰਗ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ ਜੀ ਨਾਲ ਚੰਡੀਗੜ੍ਹ ਵਿਖੇ ਹੋਈ ਸੀ। ਉਹਨਾ ਵਲੋਂ ਇਹ ਭਰੋਸਾ ਦਿੱਤਾ ਗਿਆ ਸੀ ਕੇ ਆਉਣ ਵਾਲੇ 10 ਦਿਨਾਂ ਦੇ ਅੰਦਰ ਅੰਦਰ ਦੂਜੀ ਲਿਸਟ ਦੇ ਸਾਰੇ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ। ਪਰ ਅੱਜ ਪੂਰਾ ਇਕ ਹਫਤਾ ਬੀਤਣ ਦੇ ਬਾਵਜੂਦ ਕੋਈ ਵੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਯੂਨੀਅਨ ਆਗੂਆਂ ਵੱਲੋਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਗਈ 4161 ਦੀ ਇੱਕ ਇੱਕ ਸੀਟ ਭਰੀ ਜਾਵੇ।
ਇੱਥੇ ਇਹ ਗੱਲ ਦੱਸਣਯੋਗ ਹੈ ਜਨਵਰੀ ਮਹੀਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4161 ਅਧਿਆਪਕਾਂ ਨੂੰ ਲੁਧਿਆਣਾ ਵਿਖੇ ਆਪ ਨਿਯੁਕਤੀ ਪੱਤਰ ਵੰਡੇ ਸਨ, ਪਰ ਮਾਨਯੋਗ ਹਾਈਕੋਰਟ ਵੱਲੋਂ ਮੈਰਿਟ ਲਿਸਟਾਂ ਲਿਵਾਇਜ਼ ਕਰਨ ਦੇ ਹੁਕਮਾਂ ਕਰਕੇ ਬਹੁਤੇ ਉਮੀਦਵਾਰ ਭਰਤੀ ਵਿੱਚੋਂ ਬਾਹਰ ਹੋ ਗਏ ਸਨ। ਜਿਹਨਾ ਵਿੱਚੋਂ ਬਹੁਤੇ ਉਮੀਦਵਾਰ ਵੇਟਿੰਗ ਲਿਸਟ ਵਿੱਚ ਚਲੇ ਗਏ ਸੀ।
ਯੂਨੀਅਨ ਆਗੂ ਅਲਕਾ ਫਗਵਾੜਾ, ਜਸਵਿੰਦਰ ਕੌਰ ਫ਼ਤਹਿਗੜ੍ਹ ਸਾਹਿਬ, ਜਸਵਿੰਦਰ ਲੁਧਿਆਣਾ, ਇੰਦਰਾਜ਼ ਅਬੋਹਰ, ਹਰਦੀਪ ਬਠਿੰਡਾ ਅਤੇ ਇਕਬਾਲ ਮਾਲੇਰਕੋਟਲਾ ਨੇ ਕਿਹਾ ਨਿਯੁਕਤੀ ਪੱਤਰ ਲੈਕੇ ਬਾਹਰ ਹੋ ਚੁੱਕੇ ਸਾਰੇ ਉਮੀਦਵਾਰਾਂ ਨੂੰ ਦੂਜੀ ਲਿਸਟ ਵਿਚ ਕਲੀਅਰ ਕਰਕੇ ਸਕੂਲਾਂ ਵਿੱਚ ਭੇਜਿਆ ਜਾਵੇ।
ਇਸ ਮੌਕੇ ਤੇ ਬੀਰਬਲ ਬਠਿੰਡਾ, ਲਖਵਿੰਦਰ ਮੁਕਤਸਰ, ਜਗਸੀਰ ਫਰੀਦਕੋਟ, ਅਮਿਤ ਸੰਗਰੂਰ, ਖੁਸ਼ਦੀਪ ਸੰਗਰੂਰ, ਗੁਰਪਾਲ ਮਾਨਸਾ,ਗੁਰਸੇਵਕ ਤਰਨਤਾਰਨ ਆਦਿ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ 15 ਸਤੰਬਰ ਤੱਕ ਦੂਜੀ ਲਿਸਟ ਵਾਲੇ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਨਹੀਂ ਭੇਜਿਆ ਜਾਂਦਾ ਤਾਂ ਉਹ ਦੁਬਾਰਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।