ਚੰਡੀਗੜ੍ਹ/ਸੰਗਰੂਰ, 14 ਜੂਨ, 2023:
ਆਪ’ ਸਰਕਾਰ ਦੇ ‘ਦਿੱਲੀ ਵਾਲੇ ਸਿੱਖਿਆ ਮਾਡਲ ਦੇ ਦਾਅਵਿਆਂ ਦੀ ਸ਼ੁਰੂਆਤ ‘ਚ ਹੀ ਫੂਕ ਨਿਕਲਣੀ ਸ਼ੁਰੂ ਹੋ ਗਈ ਹੈ। ਪੰਜਾਬ ਦੀ ਆਪ ਸਰਕਾਰ ਦੇ ਦਿੱਲੀ ਵਾਲੇ ਸਕੂਲ ਆਫ਼ ਐਕਸੀਲੈਂਸ ਦੀ ਤਰਜ਼ ‘ਤੇ ਪੰਜਾਬ ਵਿਚ ਉਸਾਰਿਆ ਜਾ ਰਿਹਾ ਸਕੂਲ ਆਫ਼ ਐਮੀਨੈਂਸ ਸ਼ੁਰੂਆਤੀ ਦੌਰ ਵਿਚ ਹੀ ਡਾਵਾਂ-ਡੋਲ ਸਥਿਤੀ ‘ਚ ਚੱਲ ਰਿਹਾ ਹੈ।
ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਐਮੀਨੈਂਸ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖ਼ਲਿਆਂ ਲਈ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦਾਖਲਾ ਪੀਖਿਆ ਕਰਵਾਈ ਗਈ ਸੀ, ਜਿਸ ਦੇ ਨਤੀਜੇ ਆ ਚੁੱਕੇ ਹਨ ਅਤੇ ਸੂਬੇ ਭਰ ਦੇ 117 ਸਕੂਲ ਆਫ਼ ਐਮੀਨੈਂਸ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਵਲੋਂ ਜੋ ਦਿੱਲੀ ਮਾਡਲ ਅਤੇ ਸਿੰਘਾਪੁਰੀ ਸੋਹਲੇ ਮੀਡੀਆ ਵਿੱਚ ਇਸ਼ਤਿਹਾਰਬਾਜ਼ੀ ਰਾਹੀਂ ਪਰੋਸੇ ਗਏ ਉਹ ਹੁਣ ਜ਼ਮੀਨੀ ਪੱਧਰ ‘ਤੇ ਉੱਭਰਦੇ ਵਿਖਾਈ ਨਹੀਂ ਦੇ ਰਹੇ ਹਨ। ਵੱਖ-ਵੱਖ ਭਰੋਸੇਯੋਗ ਸੂਤਰਾਂ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਵਧੀਆ ਸਮਾਰਟ ਕਲਾਸ ਰੂਮ, ਵਧੀਆ ਪ੍ਰਯੋਗਸ਼ਾਲਾਵਾਂ, ਸਾਫ਼-ਸੁਥਰਾ ਵਾਤਾਵਰਨ ਅਤੇ ਸਕੂਲ ਲਈ ਲੋੜੀਂਦਾ ਸਾਜੋ-ਸਾਮਾਨ ਹਾਲੇ ਤੱਕ ਪੰਜਾਬ ਦੇ ਕਿਸੇ ਵੀ ਐਮੀਨੈਂਸ ਸਕੂਲ ਨੂੰ ਪ੍ਰਾਪਤ ਨਹੀਂ ਹੋਇਆ ਹੈ। ਪੰਜਾਬ ਦੇ 117 ਸਕੂਲਾਂ ਵਿੱਚ ਬਹੁ-ਗਿਣਤੀ ਸਕੂਲਾਂ ਅੰਦਰ ਹਰ ਵਿਸ਼ੇ ਦੇ ਲੈਕਚਰਾਰ ਹਾਲੇ ਤੱਕ ਤਾਇਨਾਤ ਨਹੀਂ ਕੀਤੇ ਗਏ, ਬੁਨਿਆਦੀ ਸਹੂਲਤਾਂ ਲਈ ਕੋਈ ਵੀ ਗਰਾਂਟ ਕਿਸੇ ਸਕੂਲ ਨੂੰ ਜਾਰੀ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਐਮੀਨੈਂਸ ਸਕੂਲਾਂ ਵਿੱਚ 11ਵੀਂ ਜਮਾਤ ਲਈ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਹਿਊਮਨਿਟੀਜ਼ ਗਰੁੱਪਾਂ ਲਈ ਦਾਖ਼ਲਾ ਹੋਣਾ ਹੈ, ਪ੍ਰਤੀ ਕਲਾਸ 35 ਵਿਦਿਆਰਥੀ ਦਾਖ਼ਲ ਹੋਣੇ ਹਨ ਪਰ ਕਿਸੇ ਵੀ ਸਟਰੀਮ ਲਈ ਪੂਰੇ ਲੈਕਚਰਾਰ ਹੀ ਨਹੀਂ ਹਨ। ਵਿਦਿਆਰਥੀਆਂ ਲਈ ਦੂਰ-ਦੁਰਾਡੇ ਪਿੰਡਾਂ ਤੋਂ 20-20 ਕਿੱਲੋਮੀਟਰ ਦੀ ਦੂਰੀ ਤੈਅ ਕਰਕੇ ਸਕੂਲ ਜਾਣਾ ਵੀ ਔਖਾ ਕੰਮ ਹੈ। ਇਸ ਕਰ ਕੇ ਵਿਦਿਆਰਥੀ ਐਮੀਨੈਂਸ ਸਕੂਲ ‘ਚ ਦਾਖ਼ਲ ਨਹੀਂ ਹੋ ਰਹੇ ਹਨ। ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਚਕਾ-ਚੌਂਧ ਅਤੇ ਝੂਠੇ ਸਬਜਬਾਗ ਦਿਖਾ ਕੇ ਮਾਪਿਆਂ ਨੇ ਇੱਕ ਵਾਰ ਤਾਂ 9ਵੀਂ ਜਮਾਤ ‘ਚ ਦਾਖ਼ਲੇ ਤਾਂ ਕਰਵਾਏ ਸਨ ਪਰ ਜਦੋਂ 10-15 ਦਿਨ ਬੱਚੇ ਰੁਲਦੇ ਰਹੇ ਤਾਂ ਵਿਦਿਆਰਥੀਆਂ ਨੇ ਆਪਣੇ ਪੁਰਾਣੇ ਸਕੂਲਾਂ ਵੱਲ ਮੁੜਨਾ ਸ਼ੁਰੂ ਕਰ ਦਿੱਤਾ ਹੈ। ਮਾਪਿਆਂ ਅਤੇ ਵਿਦਿਆਰਥੀਆਂ ਦਾ ਐਮੀਨੈਂਸ ਸਕੂਲਾਂ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਵਿਦਿਆਰਥੀ ਇਨ੍ਹਾਂ ਸਕੂਲਾਂ ਵਿੱਚ ਦਾਖ਼ਲਾ ਲੈਣ ਤੋਂ ਟਾਲਾ ਵੱਟਣ ਲੱਗੇ ਹਨ। ਐਮੀਨੈਂਸ ਸਕੂਲਾਂ ਪ੍ਰਤੀ ਮਾਪਿਆਂ ਨੇ ਭੜਾਸ ਕੱਢਦਿਆਂ ਕਿਹਾ ਕਿ ਨਾ ਸਟਾਫ਼ ਪੂਰਾ ਹੈ, ਨਾ ਕੋਈ ਢੰਗ ਦੀ ਇਮਾਰਤ ਹੈ, ਨਾ ਹੀ ਕੋਈ ਬੁਨਿਆਦੀ ਸਹੂਲਤ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਘੱਟ ਰਹੇ ਦਾਖ਼ਲਿਆਂ ਤੋਂ ‘ਮੰਤਰੀ ਸਾਹਿਬ’ ਨੇ ਆਪਣਾ ਗੁੱਸਾ ਸੀਨੀਅਰ ਅਧਿਕਾਰੀਆਂ ਤੇ ਕੱਢਿਆ ਹੈ ਅਤੇ ਉਨ੍ਹਾਂ ਵੀ ਅੱਗੇ ਪੱਤਰ ਜਾਰੀ ਕਰ ਕੇ ਅਤੇ ਫੋਨਾਂ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਤੇ ਦਬਾਅ ਬਣਾਇਆ ਹੈ ਕਿ ਜਿਵੇਂ ਮਰਜ਼ੀ ਕਰੋ ਪ੍ਰੀਖਿਆ ਪਾਸ ਵਿਦਿਆਰਥੀਆਂ ਨੂੰ ਹਰ ਹਾਲਤ ਐਮੀਨੈਂਸ ਸਕੂਲਾਂ ਵਿੱਚ ਦਾਖ਼ਲ ਕਰਵਾਓ। ਇਸ ਸਥਿਤੀ ਦੇ ਚੱਲਦਿਆਂ ਹੁਣ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ ਪੂਰੀ ਤਰ੍ਹਾਂ ਫਸ ਗਏ ਮਹਿਸੂਸ ਕਰਦੇ ਹਨ ਕਿਉਂਕਿ ਮਾਪੇ ਅਤੇ ਵਿਦਿਆਰਥੀ ਦਾਖ਼ਲੇ ਲਈ ਰਾਜ਼ੀ ਨਹੀਂ ਹੋ ਰਹੇ, ਪਰ ਦੂਸਰੇ ਪਾਸੇ ਅਧਿਕਾਰੀਆਂ ਦਾ ਦਬਾਅ ਵੱਧ ਰਿਹਾ ਹੈ। ਜਾਣਕਾਰੀ ਅਨੁਸਾਰ ਕਈ ਸੀਨੀਅਰ ਅਧਿਕਾਰੀ ਇਸ ਪ੍ਰਾਜੈਕਟ ‘ਤੇ ਕੰਮ ਕਰਨ ਨੂੰ ਤਿਆਰ ਨਹੀਂ ਸਨ। ਇਸ ਕਰ ਕੇ ਤਬਾਦਲੇ ‘ਤੇ ਤਬਾਦਲੇ ਜਾਰੀ ਹਨ। ਲੋਕਾਂ ਨੂੰ ਸਕੂਲ ਆਫ਼ ਐਮੀਨੈਂਸ ਖੋਲ੍ਹਣ ‘ਤੇ ਇਤਰਾਜ਼ ਨਹੀਂ ਹੈ ਪਰ ਬਿਨਾਂ ਤਿਆਰੀ ਦੇ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ‘ਤੇ ਖ਼ਰਚ ਕਰਕੇ ਵੀ ਵਿਦਿਆਰਥੀਆਂ ਨੂੰ ਪੂਰਾ ਲਾਭ ਨਾ ਮਿਲਣਾ ਚਰਚਾ ਦਾ ਵਿਸ਼ਾ ਜ਼ਰੂਰ ਬਣ ਰਿਹਾ ਹੈ।