ਫਗਵਾੜਾ 10 ਜੂਨ (ਸ਼ਿਵ ਕੋੜਾ)
ਬਹੁਜਨ ਸਮਾਜ ਪਾਰਟੀ ਦਾ ਇਕ ਵਫਦ ਅੱਜ ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਦੀ ਅਗਵਾਈ ਹੇਠ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਕੀਤੇ ਫਗਵਾੜਾ ਦੀ ਨਵੀਂ ਵਾਰਡ ਬੰਦੀ ਦੇ ਨਕਸ਼ੇ ਅਨੁਸਾਰ ਵਾਰਡਾਂ ਨਾਲ ਕੀਤੀ ਛੇੜਚਾੜ ਪ੍ਰਤੀ ਡੂੰਘੀ ਨਰਾਜਗੀ ਦਾ ਪ੍ਰਗਟਾਵਾ ਕਰਦਿਆਂ ਲਿਖਿ ਇਤਰਾਜ ਦਰਜ ਕਰਵਾਇਆ। ਚਿਰੰਜੀ ਲਾਲ ਕਾਲਾ ਨੇ ਦੱਸਿਆ ਕਿ ਮਿਤੀ 04 ਜੂਨ ਨੂੰ ਜੋ ਨਕਸ਼ਾ ਨਵੀਂ ਵਾਰਡ ਬੰਦੀ ਦੀ ਸੋਧ ਕਰਕੇ ਦਰਸਾਇਆ ਗਿਆ ਹੈ ਉਸ ਵਿਚ ਵਾਰਡ ਨੰਬਰ 36 ਮੁਹੱਲਾ ਗੋਬਿੰਦਪੁਰਾ ਦਾ ਨਾਲ ਲੱਗਦਾ ਇਲਾਕਾ ਨੰਗਲ ਕਲੋਨੀ ਜੋ ਕਿ ਪੰਚਾਇਤ ਦਾ ਹਿੱਸਾ ਹੈ, ਨੂੰ ਬਿਨਾਂ ਕੋਈ ਮਤਾ ਪਾਸ ਕੀਤੇ ਨਗਰ ਨਿਗਮ ਫਗਵਾੜਾ ਦੀ ਹੱਦ ਅੰਦਰ ਜੋੜ ਦਿੱਤਾ ਗਿਆ ਹੈ। ਜੋ ਕਿ ਬਹੁਤ ਵੱਡੀ ਅਣਗਹਿਲੀ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 36 ਦੇ ਨਾਲ ਜੋ ਏਰੀਆ (ਝਾਫਰ ਕਲੋਨੀ) ਪਹਿਲਾਂ ਹੀ ਜੁੜਿਆ ਹੋਇਆ ਹੈ ਉਸਨੂੰ ਪਹਿਲਾਂ ਵਾਂਗੁ ਹੀ ਰਹਿਣ ਦੇਣ ਅਤੇ ਨੰਗਲ ਕਲੋਨੀ ਨੂੰ ਪੰਚਾਇਤੀ ਮਤਾ ਪਾਸ ਕਰਕੇ ਹੀ ਸ਼ਹਿਰ ਨਾਲ ਜੋੜਨ ਦੀ ਮੰਗ ਕੀਤੀ ਗਈ ਹੈ। ਬਸਪਾ ਆਗੂਆਂ ਨੇ ਕਿਹਾ ਕਿ ਜਿਸ ਅਧਿਕਾਰੀ ਨੇ ਇਹ ਅਣਗਹਿਲੀ ਕੀਤੀ ਹੈ ਉਸ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਵਾਰਡ ਨੰਬਰ 36, 21 ਅਤੇ 09 ਨੂੰ ਐਸ.ਸੀ. ਰਾਖਵਾਂਕਰਣ ਤੋੜ ਕੇ ਜਨਰਲ ਵਾਰਡ ਐਲਾਨੇ ਜਾਣ ਦੀ ਵੀ ਨਖੇਦੀ ਕਰਦਿਆਂ ਇਹਨਾਂ ਵਾਰਡਾਂ ਨੂੰ ਦੁਬਾਰਾ ਐਸ.ਸੀ. ਰਿਜਰਵ ਵਾਰਡ ਕਰਨ ਦੀ ਮੰਗ ਅੱਜ ਦਿੱਤੇ ਮੰਗ ਪੱਤਰ ਵਿਚ ਕੀਤੀ ਗਈ ਹੈ। ਇਸ ਮੌਕੇ ਬਸਪਾ ਦੇ ਹਲਕਾ ਇੰਚਾਰਜ ਚਿਰੰਜੀ ਲਾਲ ਕਾਲਾ, ਸੀਨੀਅਰ ਆਗੂ ਲੇਖਰਾਜ ਜਮਾਲਪੁਰ, ਪਰਮਜੀਤ ਖਲਵਾੜਾ, ਗੋਰਾ ਚੱਕ ਪ੍ਰੇਮਾ, ਨਿਰਮਲ ਕੌਲ, ਹਰਭਜਨ ਸੁਮਨ, ਸਾਬਕਾ ਕੌਂਸਲਰ ਤੇਜਪਾਲ ਬਸਰਾ, ਬਲਵਿੰਦਰ ਬੋਧ, ਜਸਵੀਰ ਗੋਬਿੰਦਪੁਰਾ, ਮੁਖਤਿਆਰ ਮਹਿਮੀ ਤੋਂ ਇਲਾਵਾ ਸਾਬਕਾ ਕੌਂਸਲਰ ਸਰਬਜੀਤ ਕੌਰ ਤੇ ਜਸਵਿੰਦਰ ਸਿੰਘ ਭਗਤਪੁਰਾ ਆਦਿ ਹਾਜ਼ਰ ਸਨ।