ਫਗਵਾੜਾ 27 ਜੁਲਾਈ (ਸ਼ਿਵ ਕੋੜਾ) ਪੰਜਾਬ ਰੈਸਲਿੰਗ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਸਿਟੀ ਕਲੱਬ ਫਗਵਾੜਾ ਵਿਖੇ ਹੋਈ ਜਿਸਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ (ਆਈ.ਪੀ.ਐਸ.) ਵਲੋਂ ਕੀਤੀ ਗਈ। ਜਿਸ ਵਿਚ ਉੱਘੇ ਉਦਯੋਗਪਤੀ ਕੇ.ਕੇ. ਸਰਦਾਨਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮੀਟਿੰਗ ਦੌਰਾਨ 13 ਜਿਲਿ੍ਹਆਂ ਦੇ ਨਵੇਂ ਥਾਪੇ ਗਏ ਪ੍ਰਧਾਨਾਂ ਦੀ ਜਾਣ-ਪਛਾਣ ਕਰਵਾਈ ਗਈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਰਣਵੀਰ ਸਿੰਘ ਕੁੰਡੂ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤਣ ਵਾਲੇ ਪਹਿਲਵਾਨਾਂ ਦੇ ਕੋਚ ਨੂੰ 20 ਹਜਾਰ ਰੁਪਏ ਇਨਾਮ, ਸਿਵਲ ਮੈਡਲ ਜਿੱਤਣ ਵਾਲੇ ਪਹਿਲਵਾਨਾਂ ਦੇ ਕੋਚ ਨੂੰ ਪੰਦਰਾ ਹਜਾਰ ਜਦਕਿ ਕਾਂਸੇ ਦਾ ਮੈਡਲ ਜਿੱਤਣ ਵਾਲੇ ਪਹਿਲਵਾਨ ਦੇ ਕੋਚ ਨੂੰ ਦਸ ਹਜਾਰ ਰੁਪਏ ਇਨਾਮ ਨਾਲ ਹੋਸਲਾ ਅਫਜਾਈ ਕੀਤੀ ਗਈ। ਇਸੇ ਤਰ੍ਹਾਂ ਜੂਨੀਅਰ ਵਰਗ ਦੇ ਸੂਬਾ ਪੱਧਰੀ ਮੁਕਾਬਲੇ ‘ਚ ਸੋਨੇ ਦਾ ਮੈਡਲ ਜਿੱਤਣ ਵਾਲੇ ਪਹਿਲਵਾਨ ਦੇ ਕੋਚ ਨੂੰ ਦਸ ਹਜਾਰ ਰੁਪਏ ਜਦਕਿ ਚਾਂਦੀ ਤੇ ਕਾਂਸੇ ਦੇ ਤਮਗੇ ਜਿੱਤਣ ਵਾਲੇ ਪਹਿਲਵਾਨਾਂ ਦੇ ਕੋਚਾਂ ਨੂੰ ਪੰਜ-ਪੰਜ ਹਜਾਰ ਰੁਪਏ ਦੇ ਚੈਕ ਭੇਂਟ ਕੀਤੇ ਗਏ। ਮੀਟਿੰਗ ਦੌਰਾਨ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਗੋਲਡ ਮੈਡਲ ਜਿੱਤਣ ਵਾਲੇ ਪੰਜ ਪਹਿਲਵਾਨਾਂ ਨੂੰ 10 ਹਜਾਰ ਰੁਪਏ ਮਹੀਨਾ ਸਹਾਇਤਾ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਮਹਿਲਾ ਪਹਿਲਵਾਨਾਂ ਤੋਂ ਲਈ ਜਾਣ ਵਾਲੀ ਐਂਟਰੀ ਫੀਸ ਨੂੰ ਖਤਮ ਕਰਨ ਦਾ ਐਲਾਨ ਵੀ ਕੀਤਾ ਗਿਆ। ਪੰਜਾਬ ਪ੍ਰਧਾਨ ਪਦਮ ਸ੍ਰੀ ਕਰਤਾਰ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੰਤਵ ਪੰਜਾਬ ਦੇ ਪਹਿਲਵਾਨਾਂ ਨੂੰ ਹਰ ਤਰ੍ਹਾਂ ਨਾਲ ਉਤਸ਼ਾਹਤ ਕਰਨਾ ਹੈ ਤਾਂ ਜੋ ਉਹ ਪੂਰੀ ਤਨਦੇਹੀ ਨਾਲ ਆਪਣਾ ਧਿਆਨ ਕੁਸ਼ਤੀ ‘ਚ ਲਗਾ ਸਕਣ। ਉਹਨਾਂ ਦੱਸਿਆ ਕਿ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਦੌਰਾਨ ਐਸੋਸੀਏਸ਼ਨ ਅਧੀਨ ਪਹਿਲਵਾਨਾਂ ਨੇ ਚਾਰ ਅੰਤਰਰਾਸ਼ਟਰੀ ਮੈਡਲ ਅਤੇ 28 ਰਾਸ਼ਟਰੀ ਮੈਡਲ ਪ੍ਰਾਪਤ ਕੀਤੇ ਹਨ। ਇਸ ਮੀਟਿੰਗ ਦੌਰਾਨ ਸਾਲ 2024 ‘ਚ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ਦੀ ਸੂਚੀ ਵੀ ਜਾਰੀ ਕੀਤੀ ਗਈ। ਇਸ ਦੌਰਾਨ ਸਰਬਜੀਤ ਸਿੰਘ ਬਾਹਲਾ ਨੂੰ ਐਸੋਸੀਏਸ਼ਨ ਦਾ ਖਜਾਨਚੀ ਐਲਾਨਿਆ ਗਿਆ। ਇਸ ਮੌਕੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਮਾਨਸਾ ਦੇ ਪ੍ਰਧਾਨ ਸ਼ਾਹਬਾਜ ਸਿੰਘ, ਫਤਿਹਗੜ੍ਹ ਸਾਹਿਬ ਤੋਂ ਪ੍ਰਧਾਨ ਸਰਬਜੀਤ ਸਿੰਘ ਬਾਹਲਾ, ਮੋਹਾਲੀ ਤੋਂ ਪ੍ਰਧਾਨ ਮਨਵੀਰ ਸਿੰਘ, ਜਲੰਧਰ ਤੋਂ ਪ੍ਰਧਾਨ ਕਰਤਾਰ ਸਿੰਘ, ਤਰਨਤਾਰਨ ਤੋਂ ਪ੍ਰਧਾਨ ਹਰਪਾਲ ਸਿੰਘ, ਪਠਾਨਕੋਟ ਤੋਂ ਪ੍ਰਧਾਨ ਅਮਨਦੀਪ ਸਿੰਘ, ਬਠਿੰਡੇ ਤੋਂ ਪ੍ਰਧਾਨ ਜਗਬੀਰ ਸਿੰਘ ਤੋਂ ਇਲਾਵਾ ਜਿਲ੍ਹਾ ਜਨਰਲ ਸਕੱਤਰ ਮੋਹਾਲੀ ਤੋਂ ਨਰਿੰਦਰ ਸਿੰਘ ਮੋਗੇ ਤੋਂ ਗੁਰਮੀਤ ਸਿੰਘ, ਗੁਰਦਾਸਪੁਰ ਤੋਂ ਗੁਰਵਿੰਦਰ ਸਿੰਘ, ਬਠਿੰਡੇ ਤੋਂ ਸੁਖਮਿੰਦਰ ਸਿੰਘ, ਫਿਰੋਜਪੁਰ ਤੋਂ ਕੁਲਵੰਤ ਰਾਏ, ਪਟਿਆਲਾ ਤੋਂ ਸਾਰਜ ਸਿੰਘ, ਰੋਪੜ ਤੋਂ ਨਰਿੰਦਰ ਸਿੰਘ, ਅੰਮ੍ਰਿਤਸਰ ਤੋਂ ਵਿਕਰਮ ਸ਼ਰਮਾ, ਫਗਵਾੜਾ ਤੋਂ ਸੀਨੀਅਰ ਜਿਲ੍ਹਾ ਮੀਤ ਪ੍ਰਧਾਨ ਜਰਨੈਲ ਸਿੰਘ ਸੋਂਧੀ, ਮੀਤ ਪ੍ਰਧਾਨ ਦਰਸ਼ਨ ਲਾਲ ਕਟਾਰੀਆ, ਗੁਰਮੀਤ ਸਿੰਘ ਸਬ-ਇੰਸਪੈਕਟਰ ਅਤੇ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ।