Home » ਪੀਐੱਸਯੂ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ‘ਚ ਐਸਸੀ ਵਿਦਿਆਰਥੀਆਂ ਤੋਂ ਜਬਰੀ ਵਸੂਲੀਆ ਜਾ ਰਹੀਆਂ ਫੀਸਾਂ ਦੇ ਖਿਲਾਫ਼ ਰੋਸ ਰੈਲੀ

ਪੀਐੱਸਯੂ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ‘ਚ ਐਸਸੀ ਵਿਦਿਆਰਥੀਆਂ ਤੋਂ ਜਬਰੀ ਵਸੂਲੀਆ ਜਾ ਰਹੀਆਂ ਫੀਸਾਂ ਦੇ ਖਿਲਾਫ਼ ਰੋਸ ਰੈਲੀ

by Rakha Prabh
131 views
ਦਲਜੀਤ ਕੌਰ  ਮਲੇਰਕੋਟਲਾ, 16 ਫਰਵਰੀ, 2023: ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਐਸ ਸੀ ਵਿਦਿਆਰਥੀਆਂ ਤੋਂ ਜਬਰੀ ਵਸੂਲੀਆ ਜਾ ਰਹੀਆ ਫੀਸਾਂ ਦੇ ਵਿਰੋਧ ਵਿੱਚ ਰੈਲੀ ਕਰਨ ਉਪਰੰਤ ਵਾਇਸ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂ ਕਿਰਨਪਾਲ ਕੌਰ ਹਥੋਆ ਅਤੇ ਕਮਲਦੀਪ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਐਸ ਸੀ ਵਿਦਿਆਰਥੀਆਂ ਨੂੰ ਕਾਲਜ ਵਿੱਚ ਵਟਸਅੱਪ ਜ਼ਰੀਏ ਫੀਸਾਂ ਭਰਨ ਦਾ ਨੋਟਿਸ ਭੇਜਿਆ ਗਿਆ, ਜਦਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਵਜ਼ੀਫ਼ਾ ਰਾਸ਼ੀ ਆਉਣ ਉਪਰੰਤ ਹੀ ਵਿਦਿਆਰਥੀ ਫੀਸਾਂ ਭਰਨ ਲਈ ਪਾਬੰਦ ਸਨ, ਪਰ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਵਜੀਫ਼ਾ ਖਾਤਿਆਂ ਵਿੱਚ ਆ ਤਾਂ ਜਾਣਾ ਹੀ ਹੈ, ਪਹਿਲਾਂ ਹੀ ਫੀਸਾਂ ਭਰ ਦਿਉ, ਜੋ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਿਯਮਾਂ ਦੀ ਵੀ ਉਲੰਘਣਾ ਹੈ।
ਪੰਜਾਬੀ ਯੂਨੀਵਸਿਟੀ ਪਟਿਆਲਾ ਗਹਿਰੇ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਹੈ ਉਸਦਾ ਬੋਝ ਵਿਦਿਆਰਥੀਆਂ ਦੀਆਂ ਜੇਬਾਂ ਉਪਰ ਪਾਇਆ ਜਾ ਰਿਹਾ ਹੈ। ਇਹ ਸਭ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਈ ਨਵੀਂ ਸਿੱਖਿਆ ਨੀਤੀ ਤਹਿਤ ਹੋ ਰਿਹਾ ਹੈ। ਲਗਾਤਾਰ ਵਿਦਿਆਰਥੀਆਂ ਦੀਆਂ ਸਹੂਲਤਾਂ ਉੱਪਰ ਡਾਕੇ ਵੱਜ ਰਹੇ ਹਨ। ਜਿਸ ਤਰ੍ਹਾਂ ਪਿਛਲੇ ਦਿਨੀਂ ਕੇਂਦਰ ਸਰਕਾਰ ਦੁਆਰਾ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਮੌਲਾਨਾ ਆਜ਼ਾਦ ਫੈਲੋਸ਼ਿਪ ਬੰਦ ਕੀਤੀ ਗਈ ਹੈ, ਉਸੇ ਤਰੀਕੇ ਦੇ ਨਾਲ ਹੁਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਵੀ ਬੰਦ ਕਰਨ ਲਈ ਪੱਬਾਂ ਭਾਰ ਹੈ। ਲਗਾਤਾਰ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹਣ ਲਈ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਹਨ।
ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਦੇ ਨਾਮ ਵਾਇਸ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ। ਵਿਦਿਆਰਥੀਆਂ ਦੇ ਦਬਾਅ ਸਦਕਾ ਵਾਇਸ ਪ੍ਰਿੰਸੀਪਲ ਨੇ ਫੈਸਲਾ ਵਾਪਸ ਲੈਂਦਿਆਂ ਇਹ ਯਕੀਨ ਦਵਾਇਆ ਕਿ ਵਜੀਫ਼ਾ ਰਾਸ਼ੀ ਖਾਤਿਆਂ ਵਿੱਚ ਆਉਣ ਤੋਂ ਬਾਅਦ ਹੀ ਫੀਸਾਂ ਭਰਵਾਈਆ ਜਾਣਗੀਆਂ। ਇਸ ਮੌਕੇ ਕਾਲਜ ਇਕਾਈ ਦੇ ਜਸਵਿੰਦਰ ਸਿੰਘ, ਜਗਰਾਜ ਸਿੰਘ, ਗੁਰਸੇਵਕ ਸਿੰਘ, ਨਸਰੀਨ, ਰਮਨ, ਸਿਮਰਨ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।

Related Articles

Leave a Comment