ਫਿਰੋਜ਼ਪੁਰ, 16 ਫਰਵਰੀ 2023: ਐਨ.ਡੀ.ਆਰ.ਐਫ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੁਦਰਤੀ ਆਫਤਾਂ ਦੇ ਟਾਕਰੇ ਅਤੇ ਬਚਾਅ ਕਾਰਜਾਂ ਬਾਰੇ ਵੱਖ-ਵੱਖ ਵਿਭਾਗਾਂ ਨਾਲ ਸਿਖਾਲਾਈ ਦੇਣ ਸਬੰਧੀ ਅੱਜ ਐਨ.ਡੀ.ਆਰ.ਐਫ ਦੇ ਅਧਿਕਾਰੀਆਂ ਵਲੋਂ “ਟੇਬਲ ਟਾਪ ਐਕਸਰਸਾਈਜ਼“ ਕੀਤੀ ਗਈ।ਇਸ ਦੌਰਾਨ ਐਨ.ਡੀ.ਆਰ.ਐਫ. ਵੱਲੋਂ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ, ਭੁਚਾਲ, ਅੱਗ ਲੱਗਣ ਤੋਂ ਇਲਾਵਾ ਹੋਰ ਹਾਦਸਿਆਂ ਆਦਿ ਪਿੱਛੋਂ ਤੁਰੰਤ ਚੁੱਕੇ ਜਾਣ ਵਾਲੇ ਇਹਤਿਆਤੀ ਕਦਮਾਂ, ਸੰਚਾਰ ਵਿਵਸਥਾ ਕਾਇਮ ਕਰਨ, ਜਖਮੀਆਂ ਨੂੰ ਹਸਪਤਾਲ ਪਹੁੰਚਾਉਣ, ਫਸੇ ਲੋਕਾਂ ਨੂੰ ਬਾਹਰ ਕੱਡਣ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਉਨਾਂ ਦੀ ਜ਼ਿੰਮੇਵਾਰੀ ਆਪਸੀ ਤਾਲਮੇਲ ਅਤੇ ਕੰਮਾਂ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਐਨ.ਡੀ.ਆਰ.ਐਫ. ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕੁਦਰਤੀ ਆਫਤਾਂ ਨਾਲ ਨਜਿੱਠਣ ਸਬੰਧੀ ਮੌਕ ਡ੍ਰਿਲ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਝੋਕ ਹਰੀਹਰ ਵਿਖੇ ਕਰਵਾਈ ਜਾਵੇਗੀ। ਐਨ.ਡੀ.ਆਰ.ਐਫ. ਦੇ ਅਧਿਕਾਰੀ ਡੀ.ਐਲ. ਜਾਖੜ ਨੇ ਟੇਬਲ ਟਾਪ ਐਕਸਰਸਾਇਜ਼ ਦੌਰਾਨ ਵਿਭਾਗੀ ਅਧਿਕਾਰੀਆਂ ਨੂੰ ਕਿਸੇ ਵੀ ਹਾਦਸੇ ਵੇਲੇ ਤੁਰੰਤ ਹਰਕਤ ਵਿੱਚ ਆਉਣ ਅਤੇ ਉਨਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਕੀਤੇ ਬਚਾਅ ਕਾਰਜ਼ਾਂ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆ ਜਾ ਸਕਦੀਆਂ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਸੂਰਜ ਕੁਮਾਰ, ਡੀ.ਐਸ.ਪੀ. (ਐਚ) ਮਨਜੀਤ ਸਿੰਘ, ਸਿਵਲ ਸਰਜਨ ਡਾ. ਰਾਜਿੰਦਰ ਪਾਲ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।