Home » ਨਿਗਮ ਚੋਣਾਂ ’ਚ ਹਾਰ ਦੇ ਡਰ ਕਾਰਨ ਇੱਕ ਆਗੂ ਦੇ ਇਸ਼ਾਰੇ ’ਤੇ ਹੋਈ ਛੇੜਛਾੜ : ਖੋਸਲਾ

ਨਿਗਮ ਚੋਣਾਂ ’ਚ ਹਾਰ ਦੇ ਡਰ ਕਾਰਨ ਇੱਕ ਆਗੂ ਦੇ ਇਸ਼ਾਰੇ ’ਤੇ ਹੋਈ ਛੇੜਛਾੜ : ਖੋਸਲਾ

by Rakha Prabh
54 views
ਫਗਵਾੜਾ 9 ਜੂਨ (ਸ਼ਿਵ ਕੋੜਾ)
ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਵੱਲੋਂ ਕੀਤੀ ਫਗਵਾੜਾ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਭਾਜਪਾ ਆਗੂਆਂ ਅਤੇ ਸਾਬਕਾ ਭਾਜਪਾ ਕੌਂਸਲਰਾਂ ਨੇ ਸਾਬਕਾ ਮੇਅਰ ਅਰੁਣ ਖੋਸਲਾ ਦੀ ਅਗਵਾਈ ਹੇਠ ਨਿਗਮ ਦਫਤਰ ਵਿਖੇ ਆਪਣੇ ਇਤਰਾਜ਼ ਦਰਜ ਕਰਵਾਏ। ਇਸ ਦੌਰਾਨ ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਨਗਰ ਨਿਗਮ ਦਫ਼ਤਰ ਵਿੱਚ ਲਾਏ ਗਏ ਸ਼ਹਿਰ ਦੇ ਕੁੱਲ 50 ਵਾਰਡਾਂ ਦੇ ਨਕਸ਼ੇ ਨੂੰ ਲੈ ਕੇ ਨਾ ਸਿਰਫ਼ ਸਾਰੀਆਂ ਸਿਆਸੀ ਪਾਰਟੀਆਂ ਸਗੋਂ ਆਮ ਲੋਕਾਂ ‘ਚ ਵੀ ਡੂੰਘੀ ਨਾਰਾਜਗੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਾਰਡ ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਕਈ ਵਾਰਡ ਅਜਿਹੇ ਹਨ ਜਿੱਥੇ ਜ਼ਿਆਦਾਤਰ ਆਬਾਦੀ ਜਨਰਲ ਵਰਗ ਦੀ ਹੈ ਅਤੇ ਇਹ ਵਾਰਡ ਨਗਰ ਕੌਂਸਲ ਦੇ ਸਮੇਂ ਤੋਂ ਹੀ ਜਨਰਲ ਰਹੇ ਹਨ। ਇਸੇ ਤਰ੍ਹਾਂ ਐਸ.ਸੀ.ਵਾਰਡਾਂ ਨੂੰ ਬੀ.ਸੀ ਅਤੇ ਬੀ.ਸੀ.ਵਾਰਡਾਂ ਨੂੰ ਐਸ.ਸੀ.ਵਾਰਡਾਂ ਵਿੱਚ ਤਬਦੀਲ ਕਰਨ ਦੀ ਖੇਡ ਵੀ ਸਿਆਸੀ ਲਾਹੇ ਲਈ ਖੇਡੀ ਗਈ ਹੈ, ਜੋ ਕਿ ਗਲਤ ਹੈ। ਉਹਨਾਂ ਕਿਹਾ ਕਿ ਸੋਚੀ-ਸਮਝੀ ਸਿਆਸਤ ਤਹਿਤ ਕਈ ਵਾਰਡ ਸਿਰਫ ਇਸ ਕਰਕੇ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ ਕਿਉਂਕਿ ‘ਆਪ’ ਕੋਲ ਵਿਰੋਧੀ ਪਾਰਟੀਆਂ ਦੇ ਮਜ਼ਬੂਤ ਉਮੀਦਵਾਰਾਂ ਦੀ ਚੁਣੌਤੀ ਨੂੰ ਸਵੀਕਾਰ ਕਰਨ ਦੀ ਹਿੰਮਤ ਨਹੀਂ ਹੈ। ਭਾਜਪਾ ਦੇ ਕਈ ਸਾਬਕਾ ਕੌਂਸਲਰਾਂ ਨੇ ਕਿਹਾ ਕਿ ‘ਆਪ’ ਪਾਰਟੀ ਦੇ ਇੱਕ ਸਥਾਨਕ ਆਗੂ ਦੇ ਕਹਿਣ ’ਤੇ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਦੇ ਵਾਰਡਾਂ ਦੀਆਂ ਹੱਦਾਂ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ ਗਈ ਹੈ। ਜਿਸ ਕਾਰਨ ਵਾਰਡ ਦੇ ਵਸਨੀਕਾਂ ਅੰਦਰ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ ਕਿਉਂਕਿ ਨਵੀਂ ਵਾਰਡ ਬੰਦੀ ਕਾਰਨ ਲੋਕਾਂ ਨੂੰ ਆਪਣੇ ਰਿਹਾਇਸ਼ੀ ਸ਼ਨਾਖਤੀ ਕਾਰਡਾਂ ’ਤੇ ਵਾਰਡ ਨੰਬਰ ਬਦਲਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰ ਹੋਣਾ ਪਵੇਗਾ। ਅਰੁਣ ਖੋਸਲਾ ਸਮੇਤ ਸਾਰੇ ਭਾਜਪਾ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਅੱਜ ਨਿਗਮ ਦਫ਼ਤਰ ਵਿੱਚ ਲਿਖਤੀ ਰੂਪ ਵਿੱਚ ਸਾਰੇ ਇਤਰਾਜ਼ ਦਰਜ ਕਰਵਾ ਦਿੱਤੇ ਗਏ ਹਨ। ਜੇਕਰ ਉਨ੍ਹਾਂ ਦੇ ਇਤਰਾਜ਼ਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਬੀਰਾ ਰਾਮ ਬਲਜੋਤ, ਸਾਬਕਾ ਕੌਂਸਲਰ ਵਿੱਕੀ ਸੂਦ, ਪ੍ਰਦੀਪ ਆਹੂਜਾ, ਨਿਤਿਨ ਚੱਢਾ, ਚਰਨਜੀਤ, ਸਾਬਕਾ ਕੌਂਸਲਰ ਮਹਿੰਦਰਾ ਥਾਪਰ, ਨਰੇਸ਼ ਕੋਟਰਾਣੀ, ਮਧੁਭੂਸ਼ਣ ਕਾਲੀਆ, ਲੱਕੀ ਸਰਵਟਾ, ਮਨਿੰਦਰ ਕੌਰ, ਰੀਨਾ ਖੋਸਲਾ, ਰਜਿੰਦਰ ਡਾਬਰੀ, ਰੀਟਾ ਦੇਵੀ, ਭੋਲੀ ਸ਼ਾਮ ਨਗਰ, ਡਾ. ਬੱਲੂ ਸ਼ਿਵਪੁਰੀ, ਰਿਸ਼ੀ, ਚੰਦਰੇਸ਼ ਕੌਲ, ਵਿਪਨ ਬੇਦੀ ਆਦਿ ਹਾਜ਼ਰ ਸਨ।

Related Articles

Leave a Comment