ਮਾਨਸਾ, 22, ਮਈ
ਪੰਜਾਬ ਸਰਕਾਰ ਵੱਲੋਂ ਇਸ ਵਾਰ ਮੁੜ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ 1500 ਰੁਪਏ ਪ੍ਰਤੀ ਏਕੜ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਨੇ ਇਸ ਪਾਸੇ ਦਿਲਚਸਪੀ ਨਹੀਂ ਦਿਖਾਈ। ਰਾਜ ਵਿੱਚ ਝੋਨੇ ਦੀ ਸਿੱਧੀ ਬਿਜਾਈ ਭਾਵੇਂ ਕੱਲ੍ਹ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਮਾਲਵਾ ਖੇਤਰ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਸਿੱਧੀ ਬਿਜਾਈ ਲਈ ਨਾ ਨਹਿਰਾਂ ਵਿੱਚ ਪਾਣੀ ਹੈ ਅਤੇ ਨਾ ਹੀ ਖੇਤੀ ਟਿਊਬਵੈਲਾਂ ਰਾਹੀਂ 8 ਘੰਟੇ ਬਿਜਲੀ ਛੱਡੀ ਜਾਣੀ ਸ਼ੁਰੂ ਹੋਈ ਹੈ। ਕਿਸਾਨਾਂ ਵੱਲੋਂ ਸਿੱਧੀ ਬਿਜਾਈ ਦੇ ਉਲਟ ਬਹੁਤੇ ਪਿੰਡਾਂ ਵਿੱਚ ਪਨੀਰੀ ਨਾਲ ਬਿਜਾਈ ਸ਼ੁਰੂ ਕੀਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਬਦਲੇ ਪ੍ਰਤੀ ਏਕੜ 1500 ਰੁਪਏ ਦੇਣ ਦਾ ਲਾਲਚ ਕਾਮਯਾਬ ਨਹੀਂ ਹੋਇਆ ਕਿਉਂਕਿ ਇੱਥੋਂ ਦੀ ਜ਼ਿਆਦਾਤਰ ਜ਼ਮੀਨ ਡਾਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਲਵਾ ਇਲਾਕੇ ਵਿੱਚ ਚੂਹਿਆਂ ਦੀ ਬਹੁਤ ਭਰਮਾਰ ਹੈ, ਜੋ ਉਗਦੇ ਝੋਨੇ ਨੂੰ ਹੀ ਕੁਤਰਨਾ ਸ਼ੁਰੂ ਕਰ ਦਿੰਦੇ ਹਨ।
ਪਿੰਡ ਟਿੱਬੀ ਹਰੀ ਸਿੰਘ ਦੇ ਕਿਸਾਨ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਖੇਤੀਬਾੜੀ ਮਾਹਿਰ ਸਿੱਧੀ ਬਿਜਾਈ ਸਬੰਧੀ ਪਾਣੀ ਦੀ ਬੱਚਤ ਦੀ ਗੱਲ ਕਰਦੇ ਹਨ, ਪਰ ਇਹ ਵੀ ਪੂਰੀ ਤਰਕਸੰਗਤ ਨਹੀਂ ਜਾਪਦੀ, ਕਿਉਂਕਿ ਜਦੋਂ ਕਿਸਾਨ ਝੋਨੇ ਨੂੰ ਕੱਦੂ ਕਰਕੇ ਲਗਾਉਂਦੇ ਹਨ ਤਾਂ ਜ਼ਮੀਨ ਵਿੱਚ ਪਾਣੀ ਜ਼ਿਆਦਾ ਦਿਨ ਖੜ੍ਹਾ ਰਹਿੰਦਾ ਹੈ, ਜਦਕਿ ਸਿੱਧੀ ਬਿਜਾਈ ਵਾਲੇ ਖੇਤ ਨੂੰ ਥੋੜ੍ਹਾ-ਥੋੜ੍ਹਾ ਦਿੰਦੇ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਲਈ ਨਦੀਨਾਂ ਅਤੇ ਚੂਹਿਆਂ ਦੀ ਮਾਰ ਲਈ ਸਰਕਾਰ ਨੂੰ ਮੁਫ਼ਤ ਦਵਾਈ ਦੇਣੀ ਚਾਹੀਦੀ ਹੈ।
ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ, ਰਾਮ ਨਗਰ ਭੱਠਲ ਦੇ ਕਿਸਾਨ ਮੇਜਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਝੋਨੇ ਦੇ ਬਦਲ ਵਜੋਂ ਹੋਰ ਫਸਲਾਂ ਦੀ ਖਰੀਦ ਅਤੇ ਐਮਐਸਪੀ ਦੇਣੀ ਯਕੀਨੀ ਬਣਾਏ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਹਿਲਾਂ ਵੀ ਕਿਸਾਨ ਸਿੱਧੀ ਬਿਜਾਈ ਕਰਦੇ ਰਹੇ ਹਨ ਪਰ ਝੋਨੇ ਦੇ ਝਾੜ ਵਿੱਚ ਕਾਫ਼ੀ ਘਾਟਾ ਪਿਆ ਹੈ। ਭਾਵੇਂ ਝੋਨੇ ਦੀ ਸਿੱਧੀ ਬਿਜਾਈ ਆਰੰਭ ਹੋ ਗਈ ਹੈ ਪਰ ਮਾਲਵਾ ਖੇਤਰ ਦੀਆਂ ਨਹਿਰਾਂ, ਰਜਵਾਹਿਆਂ ਅਤੇ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਝੱਖੜ ਤੋਂ ਬਾਅਦ ਚਾਲੂ ਨਹੀਂ ਹੋਈ।