Home » 24 ਜਨਵਰੀ ਨੂੰ ਡੀ.ਸੀ. ਦਫਤਰ ਜਲੰਧਰ ਅੱਗੇ ਜ਼ਿਲ੍ਹਾ ਪੱਧਰੀ ਰੈਲੀ ਕਰਨ ਦਾ ਫੈਸਲਾ

24 ਜਨਵਰੀ ਨੂੰ ਡੀ.ਸੀ. ਦਫਤਰ ਜਲੰਧਰ ਅੱਗੇ ਜ਼ਿਲ੍ਹਾ ਪੱਧਰੀ ਰੈਲੀ ਕਰਨ ਦਾ ਫੈਸਲਾ

ਜ਼ਿਲ੍ਹਾ ਪੱਧਰੀ ਰੈਲੀ ਦੀ ਤਿਆਰੀ ਲਈ ਬਲਾਕ ਮੀਟਿੰਗਾਂ 11 ਤੋਂ 1 9 ਜਨਵਰੀ ਤੱਕ ਕਰਨ ਦਾ ਐਲਾਨ

by Rakha Prabh
139 views
ਜਲੰਧਰ, 6 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ ):-

ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਜਲੰਧਰ ਦੀ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਸਾਮਿਲ ਹੋਏ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਲਾ ਕੇ ਗੱਦੀ ਤੇ ਬਿਰਾਜਮਾਨ ਹੋਈ ਪੰਜਾਬ ਦੀ ਆਪ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਧਾਰੀ ਬੇਰੁਖੀ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਨੇ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲੜਨ ਦਾ ਤਹੱਈਆ ਕਰ ਲਿਆ ਹੈ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਕੁਲਦੀਪ ਵਾਲੀਆ,ਪੀ.ਡਬਲਯੂ.ਡੀ.ਫੀਲਡ ਐਂਡ ਵਰਕਸ਼ਾਪ ਯੂਨੀਅਨ ਜਲੰਧਰ ਦੇ ਚੇਅਰਮੈਨ ਅਕਲ ਚੰਦ ਸਿੰਘ ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਝੂਠੀ ਇਸ਼ਤਿਹਾਰਬਾਜੀ ਕਰ ਕੇ ਆਮ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਕੋਝਾ ਯਤਨ ਕਰ ਰਹੀ ਹੈ ਜਦ ਕਿ ਹਕੀਕਤ ਵਿੱਚ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਆਸ਼ਾ ਵਰਕਰਾਂ, ਮਿੱਡ-ਡੇ-ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ ਦੇ ਤੌਰ ਤੇ ਅੱਜ ਵੀ ਨਿਗੂਣੇ ਮਾਣ ਭੱਤੇ ਤੇ ਸੋਸ਼ਣ ਕਰਵਾਉਣ ਲਈ ਮਜਬੂਰ ਹਨ। ਆਗੂਆਂ ਨੇ ਕਿਹਾ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਜਾਰੀ ਕੀਤਾ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਲੰਗੜਾ ਨੋਟੀਫਿਕੇਸ਼ਨ ਅਜੇ ਤੱਕ ਵੀ ਮੁਲਜ਼ਮਾਂ ਦਾ ਮੂੰਹ ਚਿੜਾ ਰਿਹਾ ਹੈ ਪਰ ਹਕੀਕੀ ਰੂਪ ਵਿੱਚ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਮੁਲਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਜ਼ਮਾਂ ਦੀਆਂ ਹੋਰ ਭਖਦੀਆਂ ਮੰਗਾਂ, ਪੇ ਕਮਿਸ਼ਨ ਦੇ ਬਕਾਏ ਜਾਰੀ ਕਰਨ, ਡੀ.ਏ. ਦੀਆਂ ਪੈਂਡਿੰਗ ਕਿਸਤਾਂ ਲੈਣ,ਪੈਨਸ਼ਨਰਾਂ ਲਈ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲੈਣ, ਕੋਰਟਾਂ ਦੇ ਮੁਲਾਜ਼ਮ ਪੱਖੀ ਹੋਏ ਫੈਸਲਿਆਂ ਨੂੰ ਜਨਰਲਾਈਜ ਕਰਵਾਉਣ ਆਦਿ ਸਾਰੀਆਂ ਮੰਗਾਂ ਨੂੰ ਲੈ ਕੇ 24 ਜਨਵਰੀ ਦੀ ਜਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ। ਪ.ਸ.ਸ.ਫ.ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਦਸਿਆ ਕਿ ਮੀਟਿੰਗ ਵਿੱਚ ਪ.ਸ.ਸ.ਫ.ਦੀ ਜਥੇਬੰਦਕ ਅਵਸਥਾ, ਮੁਲਾਜ਼ਮ ਲਹਿਰ ਅਤੇ ਇੰਪਲਾਈਜ ਫੋਰਮ, ਮੁਲਾਜ਼ਮ ਲਹਿਰ ਕੈਲੰਡਰ 2023,ਇਸਤਰੀ ਮੁਲਾਜ਼ਮਾਂ ਦੀ ਜੈਪੁਰ ਕੌਮੀ ਕਾਨਫਰੰਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਬਲਾਕਾਂ ਵਿੱਚ ਜਥੇਬੰਦਕ ਅਵਸਥਾ ਨੂੰ ਮਜ਼ਬੂਤ ਕਰਨ ਅਤੇ 24 ਜਨਵਰੀ ਦੀ ਜਿਲ੍ਹਾ ਪੱਧਰੀ ਰੈਲੀ ਨੂੰ ਰੋਹ ਭਰਪੂਰ ਬਣਾਉਣ ਲਈ 11 ਜਨਵਰੀ ਨੂੰ ਬਲਾਕ ਰੁੜਕਾ ਕਲਾਂ, ਬਲਾਕ ਫਿਲੌਰ ਦੀ 12 ਜਨਵਰੀ, ਬਲਾਕ ਭੋਗਪੁਰ ਦੀ 16ਜਨਵਰੀ, ਬਲਾਕ ਗੁਰਾਇਆ ਦੀ 17 ਜਨਵਰੀ, ਬਲਾਕ ਨੂਰਮਹਿਲ ਅਤੇ ਬਲਾਕ ਆਦਮਪੁਰ ਦੀ 18 ਜਨਵਰੀ,ਬਲਾਕ ਨਕੋਦਰ ਦੀ19 ਜਨਵਰੀ, ਅਤੇ ਜਲੰਧਰ ਸ਼ਹਿਰ ਦੇ ਬਲਾਕਾਂ ਦੀ ਮੀਟਿੰਗ 19 ਜਨਵਰੀ ਨੂੰ ਬਲਾਕ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ ਅਤੇ 24 ਜਨਵਰੀ ਦੀ ਜ਼ਿਲ੍ਹਾ ਪੱਧਰੀ ਰੈਲੀ ਵਿੱਚ ਮੁਲਾਜ਼ਮਾਂ ਦੀ ਭਰਵੀਂ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਆਗੂਆਂ ਦੀ ਡਿਊਟੀਆਂ ਲਗਾਈਆਂ ਗਈਆਂ‌
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰ ਕੁਮਾਰ ਵਿਰਦੀ, ਨਿਰਮੋਲਕ ਸਿੰਘ ਹੀਰਾ,ਅਕਲ ਚੰਦ ਸਿੰਘ, ਪਰਨਾਮ ਸਿੰਘ ਸੈਣੀ, ਕਰਨੈਲ ਫਿਲੌਰ, ਕੁਲਦੀਪ ਵਾਲੀਆ,ਬਲਜੀਤ ਸਿੰਘ ਕੁਲਾਰ, ਸੁਖਵਿੰਦਰ ਸਿੰਘ ਮੱਕੜ, ਹਰਮਨਜੋਤ ਸਿੰਘ ਆਹਲੂਵਾਲੀਆ, ਸੁਖਵਿੰਦਰ ਰਾਮ, ਅੰਗਰੇਜ਼ ਸਿੰਘ, ਸਤਵਿੰਦਰ ਸਿੰਘ ਫਿਲੌਰ,ਰਗਜੀਤ ਸਿੰਘ, ਬਲਵੀਰ ਭਗਤ, ਬਲਵੀਰ ਸਿੰਘ ਗੁਰਾਇਆ, ਸਰਬਜੀਤ ਸਿੰਘ ਢੇਸੀ,ਜਤਿੰਦਰ ਸਿੰਘ, ਰਣਜੀਤ ਠਾਕਰ, ਵਿਨੋਦ ਭੱਟੀ,ਓਮ ਪ੍ਰਕਾਸ਼, ਮਨੋਹਰ ਲਾਲ, ਦੀਪਕ ਕੁਮਾਰ, ਅਮਰਜੀਤ ਭਗਤ, ਸੰਦੀਪ ਰਾਜੋਵਾਲ, ਸੁਸ਼ੀਲ ਕੁਮਾਰ, ਰਾਜਿੰਦਰ ਸਿੰਘ ਭੋਗਪੁਰ, ਪਰੇਮ ਖਲਵਾੜਾ, ਕੁਲਵੰਤ ਰਾਮ ਰੁੜਕਾ, ਕਰਮਜੀਤ ਸਿੰਘ,ਰਤਨ ਸਿੰਘ,ਮੁਲਖ ਰਾਜ, ਸ਼ਿਵ ਰਾਜ ਕੁਮਾਰ, ਸੰਦੀਪ ਸ਼ਰਮਾ,ਵੇਦ ਰਾਜ, ਕੁਲਦੀਪ ਸਿੰਘ ਕੌੜਾ ਆਦਿ ਹਾਜ਼ਰ ਸਨ।

Related Articles

Leave a Comment