******************************
ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ ਸੇਵਾ ਦੇ ਸੰਕਲਪ ‘ਤੇ ਪਹਿਰਾ ਦੇਣਾ ਉੱਦਮੀ ਕਾਰਜ- ਗਿਆਨੀ ਸੁਖਵਿੰਦਰ ਸਿੰਘ
ਲੁਧਿਆਣਾ,1 ਮਾਰਚ ( ਕਰਨੈਲ ਸਿੰਘ ਐੱਮ.ਏ.)
ਸੰਸਾਰ ਭਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਜੋੜਨ ਦਾ ਨਿੱਘਾ ਉਪਰਾਲਾ ਕਰ ਰਹੀ ਪ੍ਰਮੁੱਖ ਮਿਉਜ਼ਿਕ ਕੰਪਨੀ ਅੰਮ੍ਰਿਤ ਸਾਗਰ ਦੇ ਪ੍ਰੀਵਾਰ ਵੱਲੋਂ ਆਪਣੇ ਸਹਿਯੋਗੀ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸੰਕਲਪ ਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦੇਂਦਿਆਂ ਹੋਇਆਂ
ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੰਗਤਾਂ ਤੇ ਲੋੜਵੰਦਾਂ ਲਈ ਅਟੁੱਟ ਲੰਗਰ ਲਗਾਉਣ ਦੀ ਆਰੰਭ ਕੀਤੀ ਗਈ ਸੇਵਾ ਦਾ ਕਾਰਜ ਇੱਕ ਉੱਦਮੀ ਉਪਰਾਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਸੁਖਵਿੰਦਰ ਸਿੰਘ ਨੇ ਅੱਜ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ
ਗੁਰੂ ਹਰਰਾਇ ਸਾਹਿਬ ਜੀ ਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ ਗੁਰੂ ਦੇ ਅਟੁੱਟ ਲੰਗਰ ਨੂੰ ਵਰਤਾਉਣ ਲਈ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਕੀਤਾ। ਇਸ ਸਮੇਂ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਸਾਗਰ ਕੰਪਨੀ ਦੇ ਡਾਇਰੈਕਟਰ ਸ੍ਰ.ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਵੱਲੋਂ ਪੂਰੀ ਸੇਵਾ ਭਾਵਨਾ ਦੇ ਨਾਲ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਲਈ ਹਰ ਮਹੀਨੇ ਲੰਗਰ ਲਗਾਉਣ ਦੀ ਸੇਵਾ ਕਰਨਾ , ਸੇਵਾ ਦੇ ਸੰਕਲਪ ਨਾਲ ਜੁੜਨ ਦੀ ਪ੍ਰਤੱਖ ਮਿਸਾਲ ਹੈ। ਇਸ ਦੌਰਾਨ ਅੰਮ੍ਰਿਤ ਸਾਗਰ ਕੰਪਨੀ ਦੇ ਡਾਇਰੈਕਟਰ ਸ੍ਰ.ਬਲਬੀਰ ਸਿੰਘ ਭਾਟੀਆ ਨੇ ਦੱਸਿਆ ਕਿ” ਸੇਵਕ ਕਉ ਸੇਵਾ ਬਨਿ ਆਈ” ਦੇ ਸਿਧਾਂਤ ਤੇ ਚੱਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ ਲੋੜਵੰਦਾਂ ਦੀ ਮੱਦਦ ਲਈ ਹਰ ਮਹੀਨੇ ਦੀ ਪਹਿਲੀ ਤਰੀਖ ਨੂੰ ਗੁਰੂ ਦਾ ਅਟੁੱਟ ਲੰਗਰ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੁੱਚੇ ਸੇਵਾ ਕਾਰਜ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਗਤਾਂ ਆਪਣਾ ਨਿੱਘਾ ਸਹਿਯੋਗ ਪਾ ਕੇ ਲੰਗਰ ਵਰਤਾਉਣ ਦੀ ਸੇਵਾ ਕਰਦੀਆਂ ਹਨ। ਇਸ ਤੋਂ ਪਹਿਲਾਂ ਗੁਰੂ ਦਾ ਅਟੁੱਟ ਲੰਗਰ ਸੰਗਤਾਂ ਨੂੰ ਵਰਤਾਉਣ ਲਈ ਕੀਤੀ ਗਈ ਅਰਦਾਸ ਮੌਕੇ ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ, ਪੁਨੀਤ ਪਾਲ ਸਿੰਘ ,ਰਾਜੀਵ ਕੁਮਾਰ, ਜਸਮੀਤ ਕੌਰ, ਅਮਰਦੀਪ ਸਿੰਘ ਸੋਢੀ, ਭਾਈ ਦਵਿੰਦਰ ਸਿੰਘ ਸ਼ਾਤ, ਢਾਡੀ ਬਲਜਿੰਦਰ ਸਿੰਘ, ਰਤਨਜੋਤ ਸਿੰਘ, ਜਗਤਾਰ ਸਿੰਘ,ਬਾਬੂ ਰਾਮ, ਦਲਜੀਤ ਕੌਰ, ਜਾਸਮੀਨ ਕੌਰ, ਨਿਵਾਜ਼ ਸਿੰਘ ਭਾਟੀਆ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।