Punjab News: ਮੁੱਖ ਮੰਤਰੀ ਭਗਵੰਤ ਮਾਨ ਦਾ ਦੇਸੀ ਅੰਦਾਜ਼ ਲੋਕਾਂ ਨੂੰ ਕਾਫੀ ਚੰਗਾ ਲੱਗਦਾ ਹੈ। ਸ਼ਨੀਵਾਰ ਨੂੰ ਸਰਕਾਰੀ ਸਕੂਲਾਂ ਵਿੱਚ ਮੈਗਾ ਪੀਟੀਐਮ ਦੌਰਾਨ ਵੀ ਉਨ੍ਹਾਂ ਦਾ ਇਹੀ ਅੰਦਾਜ ਵੇਖਣ ਨੂੰ ਮਿਲਿਆ। ਉਨ੍ਹਾਂ ਬੜੇ ਸਾਦੇ ਢੰਗ ਨਾਲ ਕਿਹਾ ਮੇਰੇ ‘ਤੇ ਵਿਸ਼ਵਾਸ ਬਣਾਈ ਰੱਖਿਓ…ਪੰਜਾਬ ਦਾ ਇਕੱਲਾ-ਇਕੱਲਾ ਮਸਲਾ ਮੇਰੀਆਂ ਟਿਪਸ ‘ਤੇ ਪਿਆ ਹੈ…ਸਾਰੇ ਮਸਲੇ ਮੈਨੂੰ ਯਾਦ ਨੇ, ਸਭ ਦਾ ਹੱਲ ਕਰਾਂਗੇ…ਅਸੀਂ ਪਹਿਲਾਂ ਵਾਲਿਆਂ ਵਾਂਗ ਨਹੀਂ ਕਿ ਵੋਟਾਂ ਮੰਗ ਕੇ ਲੋਕਾਂ ਨੂੰ ਭੁੱਲ ਜਾਵਾਂਗੇ…ਥੋਡੇ ਵਰਗੇ ਹਾਂ ਐਵੇਂ ਹੀ ਰਹਾਂਗੇ…।
ਦੱਸ ਦਈਏ ਕਿ ਮਾਪੇ ਅਧਿਆਪਕ ਮਿਲਣੀ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸੀ ਵਿਰੋਧੀਆਂ ਨੂੰ ਵੀ ਕੋਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਿਰੋਧੀ ਇਸ ਕਾਰਨ ਤੈਸ਼ ’ਚ ਹਨ ਕਿ ਉਹ (ਭਗਵੰਤ ਮਾਨ) ਮੁੱਖ ਮੰਤਰੀ ਕਿਵੇਂ ਬਣ ਗਏ। ਵੱਡੇ ਬਾਦਲ ਦਾ ਨਾਮ ਲਏ ਬਿਨਾਂ ਉਨ੍ਹਾਂ ਤੰਜ ਕੱਸਿਆ, ‘ਲੈ ਸਾਢੇ ਨੌਂ ਦਹਾਕਿਆਂ ਦੇ ਹੋ ਕੇ ਵੀ ਲੋਕਾਂ ਤੋਂ ਸੇਵਾ ਦਾ ਮੌਕਾ ਮੰਗ ਰਹੇ ਹਨ, ਜਦਕਿ ਇਹ ਸੇਵਾ ਕਰਨ ਦਾ ਨਹੀਂ, ਸੇਵਾ ਕਰਵਾਉਣ ਦਾ ਵੇਲ਼ਾ ਹੈ।’ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਸਿਆ।
ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਕਰਵਾਈ ਪਲੇਠੀ ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਪੰਜਾਬ ਭਰ ਦੇ 20 ਹਜ਼ਾਰ ਸਕੂਲਾਂ ਵਿੱਚ 10 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਇਸੇ ਕੜੀ ਵਜੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿੱਚ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਪੁੱਜੇ ਸਨ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਨਾਲ ਲੈ ਕੇ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਸੂਬੇ ਦੇ ਆਧੁਨਿਕ ਸਰਕਾਰੀ ਸਕੂਲ ਹਰ ਖੇਤਰ ਵਿੱਚ ਅਜਿਹੇ ਆਗੂ ਪੈਦਾ ਕਰਨਗੇ, ਜੋ ਦੇਸ਼ ਨੂੰ ਸਿਖਰ ’ਤੇ ਲੈ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਭਵਿੱਖ ਦੇ ਆਗੂ ਤੇ ਕੌਮੀ ਨਿਰਮਾਤਾ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਸਕੂਲ ਪੰਜਾਬ ਦੀ ਸਫ਼ਲਤਾ ਦੀਆਂ ਕਹਾਣੀਆਂ ਆਪ ਬਿਆਨ ਕਰ ਰਹੇ ਹਨ। ਵਿਦਿਆਰਥੀਆਂ ਦਾ ਸੁਫਨਾ ਨੌਕਰਸ਼ਾਹ, ਡਾਕਟਰ, ਇੰਜਨੀਅਰ ਤੇ ਹੋਰ ਕਿੱਤਿਆਂ ਵਿੱਚ ਸਫ਼ਲ ਹੋਣ ਦਾ ਹੈ। ਸਰਕਾਰ ਇਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਲਈ ਵਚਨਬੱਧ ਹੈ।
ਉਨ੍ਹਾਂ ਦੀ ਸਰਕਾਰ ਯੂਨਿਟ ਸਥਾਪਤ ਕਰਨ ਲਈ ਕਈ ਉਦਯੋਗਿਕ ਕਾਰੋਬਾਰੀਆਂ ਨਾਲ ਰਾਬਤਾ ਕਰ ਰਹੀ ਹੈ। ਇਹ ਵਿਦਿਆਰਥੀ ਸਥਾਪਤ ਹੋਣ ਵਾਲੀਆਂ ਉਦਯੋਗਿਕ ਇਕਾਈਆਂ ਨੂੰ ਚਲਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੀਟੀਐਮ ਨਾਲ ਮਾਪਿਆਂ ਨੂੰ ਆਪਣੇ ਬੱਚੇ ਦੀ ਰੁਚੀ ਬਾਰੇ ਵੀ ਕਾਫੀ ਕੁਝ ਪਤਾ ਲੱਗਾ ਹੈ।