Home » ‘ਲਾਲ ਪਰੀ’ ਦੇ ਦੀਵਾਨਿਆਂ ਲਈ ਬੁਰੀ ਖ਼ਬਰ: ਢੋਲ ਦੀ ਥਾਪ ’ਤੇ ਨਹੀਂ ਟੁੱਟਣਗੇ ‘ਠੇਕੇ’

‘ਲਾਲ ਪਰੀ’ ਦੇ ਦੀਵਾਨਿਆਂ ਲਈ ਬੁਰੀ ਖ਼ਬਰ: ਢੋਲ ਦੀ ਥਾਪ ’ਤੇ ਨਹੀਂ ਟੁੱਟਣਗੇ ‘ਠੇਕੇ’

by Rakha Prabh
120 views

ਜਲੰਧਰ – ਮਾਰਚ ਮਹੀਨੇ ਠੇਕੇ ਟੁੱਟਣ ਦੇ ਆਖਰੀ ਦਿਨਾਂ ਵਿਚ ਠੇਕੇਦਾਰਾਂ ਵੱਲੋਂ ਸ਼ਰਾਬ ਦੇ ਰੇਟ ਬਹੁਤ ਘਟਾ ਦਿੱਤੇ ਜਾਂਦੇ ਹਨ, ਜਿਸ ਨਾਲ ਠੇਕਿਆਂ ’ਤੇ ਭੀੜ ਲੱਗ ਜਾਂਦੀ ਸੀ। ਇਸ ਵਾਰ ਨਵੀਂ ਬਣੀ ਸਰਕਾਰ ਅਪ੍ਰੈਲ ਵਿਚ ਪਾਲਿਸੀ ਨਹੀਂ ਲਿਆ ਸਕੀ, ਜਿਸ ਕਾਰਨ ਮਾਰਚ ਵਿਚ ਠੇਕੇ ਨਹੀਂ ਟੁੱਟੇ। ਨਵੀਂ ਐਕਸਾਈਜ਼ ਪਾਲਿਸੀ 1 ਜੁਲਾਈ ਤੋਂ ਆ ਰਹੀ ਹੈ ਅਤੇ ਲੋਕ ਸ਼ਰਾਬ ਦੇ ਠੇਕੇ ਟੁੱਟਣ ਦੀ ਉਡੀਕ ਕਰ ਰਹੇ ਹਨ। ਆਮ ਤੌਰ ’ਤੇ ਠੇਕੇ ਟੁੱਟਣ ’ਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਢੋਲ ਵਜਾ ਕੇ ਸ਼ਰਾਬ ਸਸਤੀ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਸੀ ਤਾਂ ਕਿ ਸਟਾਕ ਕਲੀਅਰ ਹੋ ਸਕੇ। ਇਸ ਕਾਰਨ ਅੱਧੇ-ਪੌਣੇ ਰੇਟ ’ਤੇ ਸ਼ਰਾਬ ਮੁਹੱਈਆ ਹੋਣ ਨਾਲ ਰੁਟੀਨ ਵਿਚ ਪੀਣ ਵਾਲੇ ਸ਼ਰਾਬ ਦਾ ਸਟਾਕ ਕਰ ਲੈਂਦੇ ਸਨ, ਜਿਸ ਨਾਲ ਪੀਣ ਵਾਲਿਆਂ ਦੇ ਪੈਸਿਆਂ ਦੀ ਬੱਚਤ ਹੋ ਜਾਂਦੀ ਸੀ।

ਇਸ ਵਾਰ ਅਜਿਹਾ ਹੋਣਾ ਮੁਸ਼ਕਿਲ ਹੈ ਕਿਉਂਕਿ ਕਈ ਠੇਕੇਦਾਰਾਂ ਕੋਲ ਸ਼ਰਾਬ ਦਾ ਸਟਾਕ ਘੱਟ ਹੋਣ ਕਾਰਨ ਉਹ ਰੇਟ ਘਟਾ ਨਹੀਂ ਰਹੇ। ਐਕਸਾਈਜ਼ ਮਹਿਕਮੇ ਦੇ ਨਿਯਮਾਂ ਵਿਚ ਪਿਛਲੇ ਸਮੇਂ ਦੌਰਾਨ ਹੋਏ ਬਦਲਾਅ ਅਤੇ ਨਵੀਂ ਐਕਸਾਈਜ਼ ਪਾਲਿਸੀ ਦੇ ਪੂਰੇ ਘਟਨਾਕ੍ਰਮ ਕਾਰਨ ਇਸ ਵਾਰ ਢੋਲ ਦੀ ਥਾਪ ’ਤੇ ਠੇਕੇ ਨਹੀਂ ਟੁੱਟਣਗੇ। ਇਸ ਨਾਲ ਲਾਲ ਪਰੀ ਦੇ ਦੀਵਾਨਿਆਂ ਵਿਚ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਦਿਹਾਤੀ ਇਲਾਕਿਆਂ ਦੇ ਕੁਝ ਠੇਕਿਆਂ ’ਤੇ ਸ਼ਰਾਬ ਦੇ ਰੇਟ ਘਟੇ ਹਨ ਪਰ ਸ਼ਹਿਰਾਂ ਦੇ ਵਧੇਰੇ ਠੇਕਿਆਂ ’ਤੇ ਸ਼ਰਾਬ ਸਸਤੀ ਨਹੀਂ ਹੋ ਸਕੀ, ਜਦਕਿ ਬੀਅਰ ਦਾ ਸਟਾਕ ਕੱਢਣ ਲਈ 150 ਰੁਪਏ ਦੇ ਵੱਡੇ-ਵੱਡੇ ਬੈਨਰ ਲਾ ਕੇ ਬੀਅਰ ਵੇਚੀ ਜਾ ਰਹੀ ਹੈ। ਲਗਭਗ ਸਾਰੇ ਠੇਕਿਆਂ ’ਤੇ ਸ਼ਰਾਬ ਦੀਆਂ 10 ਬੋਤਲਾਂ ਦੇ ਰੇਟ ’ਤੇ ਪੇਟੀ ਵੇਚੀ ਜਾ ਰਹੀ ਹੈ। ਪਾਲਿਸੀ ਮੁਤਾਬਕ ਹਰ ਸਾਲ ਅਪ੍ਰੈਲ ਤੋਂ ਨਵਾਂ ਠੇਕਾ ਸ਼ੁਰੂ ਹੁੰਦਾ ਹੈ ਅਤੇ ਮਹਿਕਮੇ ਵੱਲੋਂ ਨਵੇਂ ਠੇਕਿਆਂ ਦੀ ਅਲਾਟਮੈਂਟ ਮਾਰਚ ਦੇ ਦੂਜੇ-ਤੀਜੇ ਹਫ਼ਤੇ ਵਿਚ ਕਰ ਦਿੱਤੀ ਜਾਂਦੀ ਹੈ ਤਾਂਕਿ ਠੇਕੇਦਾਰਾਂ ਨੂੰ ਆਪਣਾ ਸਟਾਕ ਕਲੀਅਰ ਕਰਨ ਦਾ ਮੌਕਾ ਮਿਲ ਸਕੇ। ਜਿਹੜੇ ਠੇਕੇਦਾਰਾਂ ਨੂੰ ਅਗਲੇ ਸਾਲ ਲਈ ਠੇਕੇ ਮਿਲਦੇ ਹਨ, ਉਨ੍ਹਾਂ ’ਤੇ ਸਟਾਕ ਕਲੀਅਰ ਕਰਨ ਦਾ ਕੋਈ ਦਬਾਅ ਨਹੀਂ ਹੁੰਦਾ ਕਿਉਂਕਿ ਉਹ ਮਹਿਕਮੇ ਨੂੰ ਕੁਝ ਫ਼ੀਸਦੀ ਫ਼ੀਸ ਅਦਾ ਕਰਕੇ ਸ਼ਰਾਬ ਨੂੰ ਅਗਲੇ ਸਾਲ ਵਿਚ ਰੀਨਿਊ ਕਰ ਲੈਂਦੇ ਹਨ। ਜਿਹੜੇ ਠੇਕੇਦਾਰਾਂ ਨੂੰ ਅਗਲੇ ਸੈਸ਼ਨ ਦੇ ਠੇਕੇ ਨਹੀਂ ਮਿਲਦੇ, ਉਹ ਰੇਟ ਘਟਾ ਕੇ ਸ਼ਰਾਬ ਦਾ ਸਟਾਕ ਕਲੀਅਰ ਕਰ ਲੈਂਦੇ ਹਨ। ਉਕਤ ਠੇਕੇਦਾਰਾਂ ਵੱਲੋਂ ਸ਼ੁਰੂਆਤ ਵਿਚ 100 ਰੁਪਏ ਬੋਤਲ ਘੱਟ ਕੀਤੀ ਜਾਂਦੀ ਹੈ ਅਤੇ 31 ਮਾਰਚ ਤੱਕ ਪਹੁੰਚਦੇ-ਪਹੁੰਚਦੇ ਰੇਟਾਂ ਵਿਚ ਕਾਫ਼ੀ ਗਿਰਾਵਟ ਵੇਖਣ ਨੂੰ ਮਿਲਦੀ ਹੈ।ਪੰਜਾਬ ਵਿਚ ਪਹਿਲੀ ਵਾਰ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਕਸਾਈਜ਼ ਪਾਲਿਸੀ ਵਿਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣੇ ਸਨ, ਜਿਸ ਕਰਕੇ ਸਰਕਾਰ ਨੇ ਪੁਰਾਣੇ ਠੇਕਿਆਂ ਦੀ ਮਿਆਦ ਵਿਚ 3 ਮਹੀਨਿਆਂ ਦਾ ਵਾਧਾ ਕਰ ਦਿੱਤਾ ਸੀ। ਹੁਣ ਨਵੀਂ ਪਾਲਿਸੀ 1 ਜੁਲਾਈ ਤੋਂ ਲਾਗੂ ਹੋਣ ਵਾਲੀ ਹੈ, ਜਿਸ ਵਿਚ 10-12 ਦਿਨਾਂ ਦਾ ਸਮਾਂ ਬਾਕੀ ਬਚਿਆ ਹੈ ਪਰ ਇਸ ਦੇ ਬਾਵਜੂਦ ਵਧੇਰੇ ਸ਼ਰਾਬ ਦੇ ਠੇਕਿਆਂ ’ਤੇ ਮਹਿੰਗੀ ਸ਼ਰਾਬ ਵਿਕ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਰੇਟਾਂ ਵਿਚ ਵੱਡੀ ਗਿਰਾਵਟ ਉਦੋਂ ਹੀ ਸੰਭਵ ਹੋ ਸਕੇਗੀ, ਜਦੋਂ ਪੁਰਾਣੇ ਠੇਕੇਦਾਰ ਠੇਕਿਆਂ ਦੇ ਕੰਮ ਵਿਚ ਰੁਚੀ ਨਹੀਂ ਵਿਖਾਉਣਗੇ। ਇਸ ਤਹਿਤ ਸਸਤੀ ਸ਼ਰਾਬ ਦੇ ਚਾਹਵਾਨਾਂ ਨੂੰ ਕੁਝ ਦਿਨ ਉਡੀਕ ਕਰਨੀ ਪਵੇਗੀ। ਉਥੇ ਹੀ, ਇਸ ਵਾਰ ਸਰਕਾਰ ਨੇ ਜਦੋਂ 3 ਮਹੀਨਿਆਂ ਲਈ ਪਾਲਿਸੀ ਵਧਾਈ ਤਾਂ ਸ਼ਰਾਬ ਦੇ ਠੇਕੇਦਾਰਾਂ ’ਤੇ ਕੋਟੇ ਤਹਿਤ ਸ਼ਰਾਬ ਖਰੀਦਣ ਦਾ ਜ਼ਿਆਦਾ ਬੋਝ ਨਹੀਂ ਪਾਇਆ ਗਿਆ। ਇਸ ਕਰਕੇ ਠੇਕੇਦਾਰਾਂ ਨੇ ਵੱਡੇ ਪੱਧਰ ’ਤੇ ਸ਼ਰਾਬ ਸਟਾਕ ਨਹੀਂ ਕੀਤੀ। ਠੇਕੇਦਾਰਾਂ ਲਈ ਰਾਹਤ ਇਸ ਗੱਲ ਦੀ ਹੈ ਕਿ ਉਹ ਕੁਝ ਫ਼ੀਸਦੀ ਫ਼ੀਸ ਦੇ ਕੇ ਸ਼ਰਾਬ ਦੇ ਸਟਾਕ ਨੂੰ ਅਗਲੇ ਸਾਲ ਵਿਚ ਰੀਨਿਊ ਕਰ ਲੈਣਗੇ।ਮਾਹਿਰਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਪੁਰਾਣੇ ਠੇਕੇਦਾਰ ਜੇਕਰ ਟੈਂਡਰ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ, ਉਨ੍ਹਾਂ ਨੂੰ ਸ਼ਰਾਬ ਦਾ ਸਟਾਕ ਕਲੀਅਰ ਕਰ ਦੇਣਾ ਚਾਹੀਦਾ ਹੈ ਪਰ ਅਜਿਹਾ ਕੀਤਾ ਨਹੀਂ ਜਾ ਰਿਹਾ। ਜਲੰਧਰ ਜ਼ੋਨ ਵਿਚ 23 ਜੂਨ ਤੋਂ ਸ਼ਰਾਬ ਦੇ ਟੈਂਡਰ ਭਰਨੇ ਸ਼ੁਰੂ ਹੋ ਜਾਣਗੇ ਅਤੇ 28 ਜੂਨ ਨੂੰ ਟੈਂਡਰ ਖੋਲ੍ਹ ਦਿੱਤੇ ਜਾਣਗੇ, ਜਿਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ। ਟੈਂਡਰਾਂ ਦੀ ਪ੍ਰਕਿਰਿਆ ਦੇ ਪਹਿਲੇ ਜ਼ੋਨ ਪਟਿਆਲਾ ਵਿਚ 64 ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 14 ਗਰੁੱਪਾਂ ਲਈ ਟੈਂਡਰ ਹੋਏ। ਵਿਭਾਗ ਨੇ ਕਿਹਾ ਕਿ ਕਈ ਠੇਕੇਦਾਰ ਜਾਣਕਾਰੀ ਦੀ ਘਾਟ ਕਾਰਨ ਟੈਂਡਰ ਨਹੀਂ ਭਰ ਸਕੇ, ਜਿਸ ਕਰ ਕੇ ਪਟਿਆਲਾ ਜ਼ੋਨ ਵਿਚ ਟੈਂਡਰ ਭਰਨ ਲਈ 21 ਜੂਨ ਤੱਕ ਦਾ ਸਮਾਂ ਵਧਾ ਦਿੱਤਾ ਹੈ। ਹੁਣ 21 ਜੂਨ ਨੂੰ ਪਤਾ ਲੱਗੇਗਾ ਕਿ ਕਿੰਨੇ ਗਰੁੱਪਾਂ ਲਈ ਟੈਂਡਰ ਹੋਇਆ ਹੈ। ਪਟਿਆਲਾ ਜ਼ੋਨ ਵਿਚ ਮਿਲਣ ਵਾਲੇ ਰਿਸਪਾਂਸ ਦਾ ਜਲੰਧਰ ਦੇ ਟੈਂਡਰਾਂ ’ਤੇ ਵੀ ਅਸਰ ਦੇਖਣ ਨੂੰ ਮਿਲੇਗਾ। ਫਿਲਹਾਲ ਨਵੇਂ ਗਰੁੱਪਾਂ ਦੇ ਟੈਂਡਰ ਨੂੰ ਲੈ ਕੇ ਭੰਬਲਭੂਸੇ ਵਾਲੀ ਹਾਲਤ ਬਣੀ ਹੋਈ ਹੈ। ਜਲੰਧਰ ਵਿਚ ਟੈਂਡਰ ਫੀਸ 30 ਕਰੋੜ ਤੱਕ ਰੱਖੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਦੀ ਨਵੀਂ ਪਾਲਿਸੀ ਨੂੰ ਕੀ ਰਿਸਪਾਂਸ ਮਿਲਦਾ ਹੈ।

Related Articles

Leave a Comment