ਫਿਰੋਜ਼ਪੁਰ , – ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਬਲਵਿੰਦਰ ਸਿੰਘ ਭੁੱਟੋ ਜ਼ਿਲ੍ਹਾ ਪ੍ਰਧਾਨ ਜੀ ਟੀਯੂ , ਮਿਉਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ, ਮਹਿਲ ਸਿੰਘ ਸੂਬਾ ਪ੍ਰਧਾਨ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਜੋਗਿੰਦਰ ਸਿੰਘ ਜਗਲਾਤ ਵਰਕਰ ਯੂਨੀਅਨ, ਬਲਵੰਤ ਸਿੰਘ ਪ੍ਰਧਾਨ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਫਿਰੋਜ਼ਪੁਰ , ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਦੇ ਸੂਬਾ ਇਜਲਾਸ ਉਪਰੰਤ ਸੰਘਰਸ਼ ਦੇ ਐਲਾਨ ਤਹਿਤ ਮੁਲਾਜ਼ਮ ਮੰਗਾਂ ਨੂੰ ਹੱਲ ਕਰਵਾਉਣ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਰੋਸ ਪ੍ਰਚੰਡ ਕਰਨ ਹਿੱਤ ਸੰਘਰਸ਼ ਦਾ 5 ਤੋਂ 25 ਦਸੰਬਰ 2022 ਨੂੰ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਫਰਵਰੀ 2023 ਨੂੰ ਸੰਗਰੂਰ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਨੂੰ ਸਫਲ ਬਣਾਉਣ ਲਈ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਸੁਨੇਹਾ ਹਰ ਇੱਕ ਮੁਲਾਜ਼ਮ ਤੱਕ ਪਹੁੰਚਾਉਣ ਅਤੇ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਣ ਲਈ ਬਲਾਕ ਅਤੇ ਤਹਿਸੀਲ ਪੱਧਰੀ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 15 ਤੋਂ 25 ਜਨਵਰੀ ਤੱਕ ਸਦਰ ਮੁਕਾਮਾਂ ਤੇ ਜ਼ਿਲ੍ਹਾ ਪੱਧਰੀ ਰੈਲੀਆਂ ਕਰਕੇ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ ਤਾਂ ਜੋ ਮੁਲਾਜ਼ਮ ਮੰਗਾਂ ਪ੍ਰਤੀ ਸੁੱਤੇ ਪਏ ਸਰਕਾਰੀ ਤੰਤਰ ਨੂੰ ਜਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਵੀ ਪਿਛਲੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਿਸ ਕਹਿਣ ਵਾਲੇ ਨੇਤਾ ਲੋਕਾਂ ਮੰਗਾਂ ਨੂੰ ਭੁੱਲ ਕੇ ਰਾਜ ਗੱਦੀ ਦਾ ਆਨੰਦ ਮਾਨਣ ਵਿੱਚ ਰੁੱਝ ਗਏ ਹਨ। ਮੁੱਖ ਮੰਤਰੀ ਪੰਜਾਬ ਵੀ ਕੇਵਲ ਗੱਲਾਂ ਨਾਲ ਹੀ ਪੰਜਾਬ ਦੇ ਮਸਲੇ ਹੱਲ ਕਰਨਾ ਚੁਹੁੰਦੇ ਹਨ, ਜਿਸਨੂੰ ਸੂਬੇ ਦਾ ਮੁਲਾਜ਼ਮ ਵਰਗ ਕਿਸੇ ਕੀਮਤ ਤੇ ਵੀ ਸਹਿਣ ਨਹੀਂ ਕਰੇਗਾ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਬਿਨਾਂ ਸ਼ਰਤ ਪੂਰੇ ਗ੍ਰੇਡਾਂ ਅਤੇ ਭੱਤਿਆਂ ਸਹਿਤ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤੇ ਗਏ ਨੋਟੀਫਿਕੇਸ਼ਨ ਨੂੰ ਪੂਰਣ ਰੂਪ ਵਿੱਤ ਤੁਰੰਤ ਜਾਰੀ ਕੀਤਾ ਜਾਵੇ, ਵਿਭਾਗਾਂ ਦੀ ਆਕਾਰ ਘਟਾਈ ਬੰਦ ਜਕਰਕੇ ਖਾਲੀ ਅਸਾਮੀਆਂ ਨੂੰ ਪੱਕੇ ਤੌਰ ਤੇ ਭਰਤੀ ਕਰਕੇ ਭਰਿਆ ਜਾਵੇ, ਮੰਹਿਗਾਈ ਭੱਤੇ ਦੀ ਬਕਾਇਆ ਕਿਸ਼ਤ ਅਤੇ ਬਕਾਇਆ ਦੀ ਅਦਾਇਗੀ ਕੀਤੀ ਜਾਵੇ, ਕੱਟੇ ਗਏ ਜਰੂਰੀ ਭਤਿਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਮਿਡ ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਦਾ ਸਰਕਾਰੀਕਰਣ ਕੀਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਵਿਕਾਸ ਟੈਕਸ ਦੇ ਨਾ ਹੈਠ 2400 ਰੁਪਏ ਸਲਾਨਾ ਮੁਲਾਜ਼ਮਾਂ ਤੇ ਲਗਾਇਆ ਜਜ਼ੀਆ ਟੈਕਸ ਬੰਦ ਕੀਤਾ ਜਾਵੇ, ਸੰਘਰਸ਼ਾਂ ਦੌਰਾਨ ਲੁਧਿਆਣਾ, ਪਟਿਆਲਾ, ਬਠਿੰਡਾ, ਨਵਾਂਸ਼ਹਿਰ ਆਦਿ ਥਾਵਾਂ ਤੇ ਦਰਜ ਕੀਤੇ ਝੂਠੇ ਪੁਲਿਸ ਕੇਦ ਰੱਦ ਕੀਤੇ ਜਾਣ, ਕੈਸ਼ਲੈਸ ਹੈਲਥ ਸਕੀਮ ਦੀਆਂ ਤਰੁਟੀਆਂ ਦੂਰ ਕਰਕੇ ਸਮੁਚੇ ਮੁਲਾਜ਼ਮਾਂ ਤੇ ਮੁੜ ਚਾਲੂ ਕੀਤਾ ਜਾਵੇ। ਦਰਜਾ-ਚਾਰ ਅਤੇ ਵਰਦੀ ਪ੍ਰਾਪਤ ਸਮੁੱਚੇ ਮੁਲਾਜ਼ਮਾਂ ਨੂੰ ਦਿੱਤੀਆਂ ਜਾਂਦੀਆਂ ਵਰਦੀਆਂ ਦੇ ਰੇਟਾਂ ਵਿੱਚ ਵਧ ਰਹੀ ਮੰਹਿਗਾਈ ਅਨੁਸਾਰ ਵਾਧਾ ਕੀਤਾ ਜਾਵੇ ਅਤੇ ਨਕਦ ਵਰਦੀ ਭੱਤਾ ਚਾਲੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹਨਾਂ ਸੰਘਰਸ਼ਾਂ ਦੀ ਕਾਮਯਾਬੀ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਪ੍ਰੋਗਰਾਮ ਬਣਾਇਆ ਜਾਵੇਗਾ ਅਤੇ ਬਲਾਕ ਅਤੇ ਜ਼ਿਲ੍ਹਾ ਰੈਲੀਆਂ ਨੂੰ ਸਫਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।