ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਕਿਸਾਨਾਂ ਨੇ ਵੱਡਾ ਯੋਗਦਾਨ ਪਾਇਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕਿਸਾਨ ਪੱਖੀ ਹੋਣ ਦਾ ਸਬੂਤ ਦਿੰਦੇ ਹੋਏ ਇਸ ਵਾਰ ਝੋਨੇ ਦੀ ਨਿਰਵਿਘਨ ਖ਼ਰੀਦ, ਚੁਕਾਈ ਅਤੇ ਸਮੇਂ ਸਿਰ ਅਦਾਇਗੀ ਕਰਕੇ ਮਿਸਾਲ ਕਾਇਮ ਕੀਤੀ ਹੈ, ਜਿਸ ਤੋਂ ਪੰਜਾਬ ਦੇ ਸਮੁੱਚੇ ਕਿਸਾਨ ਸਰਕਾਰ ਤੋਂ ਬਾਗੋ-ਬਾਗ ਹਨ | ਇਹ ਪ੍ਰਗਟਾਵਾ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਸੀਜ਼ਨ ਵਿਚ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਨਹੀਂ ਪਿਆ ਅਤੇ ਫ਼ਸਲ ਦੀ ਪੇਮੈਂਟ ਲਈ ਵੀ ਦਰ-ਦਰ ਠੋਕਰਾਂ ਨਹੀਂ ਖਾਣੀਆਂ ਪਈਆਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਫ਼ਸਲ ਦੀ ਖ਼ਰੀਦ ਦੇ ਕੰਮ ਨੂੰ ਹੋਰ ਸਰਲ ਅਤੇ ਸੁਚਾਰੂ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਜਿਸ ਦੇ ਨਤੀਜੇ ਕਿਸਾਨਾਂ ਨੂੰ ਆਉਣ ਵਾਲੀ ਫ਼ਸਲ ਦੀ ਖ਼ਰੀਦ ਵਿਚ ਦਿਖਾਈ ਦੇਣਗੇ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੇ ਨਾੜ ਨੂੰ ਅੱਗ ਨਾ ਲਾ ਕੇ ਕਿਸਾਨ ਸਰਕਾਰ ਦਾ ਸਾਥ ਦੇਣ ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਵਾਰ ਪਰਾਲੀ ਦੇ ਸਹੀ ਪ੍ਰਬੰਧ ਲਈ ਸੈਂਕੜੇ ਕਰੋੜ ਰੁਪਏ ਦੀ ਸਬਸਿਡੀ ਦੇ ਕੇ ਕਿਸਾਨਾਂ ਨੂੰ ਵੱਡੇ ਸੰਦ ਮੁਹੱਈਆ ਕਰਵਾਏ ਹਨ ਅਤੇ ਜੇਕਰ ਕੋਈ ਕਿਸਾਨ ਇਸ ਸਬਸਿਡੀ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਸ ਨੂੰ ਆਉਂਦੇ ਸਮੇਂ ਵਿਚ ਇਹ ਮੁਹੱਈਆ ਕਰਵਾਈ ਜਾਵੇਗੀ |
ਪੰਜਾਬ ਸਰਕਾਰ ਨੇ ਝੋਨੇ ਦੀ ਨਿਰਵਿਘਨ ਖ਼ਰੀਦ, ਚੁਕਾਈ ਤੇ ਸਮੇਂ ਸਿਰ ਅਦਾਇਗੀ ਕਰਕੇ ਕਿਸਾਨ ਪੱਖੀ ਹੋਣ ਦਾ ਦਿੱਤਾ ਸਬੂਤ-ਨਰੇਸ਼ ਕਟਾਰੀਆ
previous post