ਵੱਡੀ ਖ਼ਬਰ : ਪਾਕਿਸਤਾਨ ’ਚ ਪੋਲੀਓ ਮੁਹਿੰਮ ਦੌਰਾਨ ਪੁਲਿਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ
ਬਲੋਚਿਸਤਾਨ, 26 ਅਕਤੂਬਰ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ’ਚ ਪੋਲੀਓ ਮੁਹਿੰਮ ਦੌਰਾਨ ਟੀਮ ਦੀ ਸੁਰੱਖਿਆ ’ਚ ਤਾਇਨਾਤ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਹੈ।
ਡਿਪਟੀ ਕਮਿਸ਼ਨਰ ਮੁਹੰਮਦ ਯਾਸਿਰ ਨੇ ਕਿਹਾ ਕਿ ਇਸ ਘਟਨਾ ਨੂੰ ਦੋ ਸ਼ੱਕੀ ਅੱਤਵਾਦੀਆਂ ਨੇ ਅੰਜਾਮ ਦਿੱਤਾ ਹੈ। ਹਮਲੇ ਦੌਰਾਨ ਟੀਮ ਦੇ ਮੈਂਬਰ ਵਾਲ-ਵਾਲ ਬਚ ਗਏ। ਸਰਕਾਰ ਨੇ ਬਲੋਚਿਸਤਾਨ ਦੇ 19 ਜ਼ਿਲ੍ਹਿਆਂ ’ਚ ਪੰਜ ਦਿਨਾ ਪੋਲੀਓ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਅੱਤਵਾਦੀ ਅਤੇ ਧਾਰਮਿਕ ਕੱਟੜਪੰਥੀ ਸੰਗਠਨ ਵਿਰੋਧ ਕਰ ਰਹੇ ਹਨ।
ਪਾਕਿਸਤਾਨ ’ਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅੱਤਵਾਦੀ ਪੋਲੀਓ ਟੀਮਾਂ ’ਤੇ ਹਮਲਾ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਦੇ ਹਮਲੇ ਪਹਿਲਾਂ ਵੀ ਬਲੋਚਿਸਤਾਨ, ਖੈਬਰ ਪਖਤੂਨਖਵਾ (ਕੇਪੀਕੇ) ਸੂਬਿਆਂ ਅਤੇ ਇਥੋਂ ਤਕ ਕਿ ਕਰਾਚੀ ’ਚ ਵੀ ਹੋ ਚੁੱਕੇ ਹਨ।
ਯਾਸਿਰ ਨੇ ਕਿਹਾ ਕਿ ਸਖਤ ਸੁਰੱਖਿਆ ਦੇ ਬਾਅਦ ਅਜਿਹੇ ਹਮਲਿਆਂ ’ਚ ਕਮੀ ਆਈ ਹੈ। ਟੀਮ ’ਤੇ ਆਖਰੀ ਵਾਰ ਹਮਲਾ ਟਾਂਕ ਜ਼ਿਲ੍ਹੇ ’ਚ ਅਗਸਤ ਮਹੀਨੇ ’ਚ ਹੋਇਆ ਸੀ। ਇਸ ਦੌਰਾਨ ਟੀਮ ਦੀ ਸੁਰੱਖਿਆ ’ਚ ਤਾਇਨਾਤ ਕੀਤੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਹੁਣ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਅੱਤਵਾਦੀ ਸਮੂਹ ਨੇ ਨਹੀਂ ਲਈ ਹੈ।