ਬਰਨਾਲਾ, 20 ਮਾਰਚ, ਦਲਜੀਤ ਕੌਰ
ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ, ਦੋਵੇਂ ਮੰਡਲਾਂ ਦੀ ਸਾਂਝੀ ਮੀਟਿੰਗ ਰੂਪ ਚੰਦ ਦੀ ਅਗਵਾਈ ਹੇਠ ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਫ਼ਤਰ ਬਰਨਾਲਾ ਵਿਖੇ ਹੋਈ।
ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਪ੍ਰੈੱਸ ਨੂੰ ਜਾਰੀ ਕਰਦਿਆਂ ਸ਼ਹਿਰ ਮੰਡਲ ਦੇ ਸਕੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਪੈਨਸ਼ਨਰਜ਼ ਐਸੋਸੀਏਸ਼ਨ ਦੇ ਧਨੌਲਾ ਰੋਡ ਬਰਨਾਲਾ ਮੁੱਖ ਦਫ਼ਤਰ ਵਿੱਚ 10.30 ਵਜੇ ਵੱਡਾ ਇਕੱਠ ਕਰਕੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਜਾਵੇਗਾ।
ਆਗੂਆਂ ਜਗਦੀਸ਼ ਸਿੰਘ, ਬਹਾਦਰ ਸਿੰਘ, ਗੌਰੀ ਸ਼ੰਕਰ ਨੇ ਕਿਹਾ ਕਿ ਸ਼ਹੀਦਾਂ ਵੱਲੋਂ ਲਾਇਆ ‘ਇਨਕਲਾਬ- ਜਿੰਦਾਬਾਦ’ ਅਤੇ ‘ਸਾਮਰਾਜਵਾਦ-ਮੁਰਦਾਬਾਦ’ ਦਾ ਨਾਹਰਾ ਅੱਜ ਵੀ ਉਸ ਸਮੇਂ ਜਿੰਨੀ ਹੀ ਮਹੱਤਤਾ ਰੱਖਦਾ ਹੈ। ਸਾਮਰਾਜ ਅਤੇ ਭਾਰਤੀ ਦਲਾਲ ਹਾਕਮ ਜਮਾਤਾਂ, ਸੰਸਾਰ ਵਪਾਰ ਸੰਸਥਾ ਅਤੇ ਹੋਰ ਸਾਮਰਾਜੀ ਸੰਸਥਾਵਾਂ ਰਾਹੀਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਨਿੱਜੀਕਰਨ, ਉਦਾਰੀਕਰਨ, ਵਿਸ਼ਵੀਕਰਨ ਦੀਆਂ ਲੋਕ/ਮੁਲਾਜ਼ਮ ਵਿਰੋਧੀ ਨੀਤੀ ਰਾਹੀਂ ਸਾਮਰਾਜੀ ਬਹੁ ਕੰਪਨੀਆਂ ਦੇ ਹਵਾਲੇ ਕਰ ਰਹੀਆਂ ਹਨ। ਇਸ ਲਈ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਆਪਣੇ ਘੋਲ ਲੁਟੇਰੀਆਂ ਸਾਮਰਾਜੀ ਸੰਸਥਾਵਾਂ ਖ਼ਿਲਾਫ਼ ਸੇਧਤ ਕਰਨ ਦੀ ਲੋੜ ਹੈ। ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਭਾਰਤ ਦੀ ਮਿਹਨਤਕਸ਼ ਲੋਕਾਈ ਵਾਸਤੇ ਚਾਨਣ ਮੁਨਾਰਾ ਹਨ।
ਮੀਟਿੰਗ ਵਿੱਚ ਬਲਵੰਤ ਸਿੰਘ, ਬਲਦੇਵ ਸਿੰਘ, ਜੋਗਿੰਦਰ ਪਾਲ, ਜਗਰਾਜ ਸਿੰਘ, ਜਨਕ ਸਿੰਘ, ਰੁਲਦੂ ਸਿੰਘ, ਪ੍ਰੀਤਮ ਸਿੰਘ ਆਦਿ ਆਗੂਆਂ ਨੇ ਸਮੂਹ ਸਾਥੀਆਂ ਨੂੰ ਪਰਿਵਾਰਾਂ ਸਮੇਤ ਹੁੰਮ-ਹੁਮਾਂ ਕੇ ਪਹੁੰਚਣ ਦੀ ਅਪੀਲ ਕੀਤੀ।