Home » ਪੇਂਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੰਜਾਬ ਭਰ ‘ਚ ਕੇਂਦਰ ਤੇ ਸੂਬਾ ਸਰਕਾਰ ਦੀਆਂ ਅਰਥੀਆਂ ਸਾੜੀਆਂ   

ਪੇਂਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੰਜਾਬ ਭਰ ‘ਚ ਕੇਂਦਰ ਤੇ ਸੂਬਾ ਸਰਕਾਰ ਦੀਆਂ ਅਰਥੀਆਂ ਸਾੜੀਆਂ   

by Rakha Prabh
9 views
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 20 ਮਾਰਚ, 2024: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ 17 ਮਾਰਚ ਤੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਪਿੰਡਾਂ ਵਿੱਚ ਪੁਤਲੇ ਸਾੜਨ ਦਾ ਸ਼ੁਰੂ ਕੀਤਾ ਸਿਲਸਿਲਾ ਅੱਜ ਵੀ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਸਮੇਤ ਪੰਜਾਬ ਭਰ ਵਿੱਚ ਜਾਰੀ ਰਿਹਾ। ਅੱਜ ਪੰਜਾਬ ਦੇ ਦਰਜਨਾਂ ਪਿੰਡਾਂ ਵਿੱਚ ਪੁਤਲੇ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੋਨੋਂ ਜਥੇਬੰਦੀਆਂ ਨੇ ਕਿਰਤੀ ਕਿਸਾਨ ਯੂਨੀਅਨ ਵਲੋਂ 21 ਮਾਰਚ ਨੂੰ ਜਲੰਧਰ ਅਤੇ 22 ਮਾਰਚ ਨੂੰ ਸੰਗਰੂਰ ‘ਚ ਪੁਲਿਸ ਜ਼ਬਰ ਖਿਲਾਫ਼ ਕੀਤੇ ਜਾ ਰਹੇ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਹੈ। ਇਹ ਪ੍ਰਦਰਸ਼ਨ 11 ਮਾਰਚ ਨੂੰ ਪੇਂਡੂ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਪੰਜਾਬ ਭਰ ਵਿੱਚ ਰੇਲ ਰੋਕੋ ਅੰਦੋਲਨ ਨੂੰ ਅਸਫ਼ਲ ਬਣਾਉਣ ਲਈ ਕੇਂਦਰ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦੇ ਇਸ਼ਾਰੇ ਉੱਪਰ ਪੁਲਿਸ ਵਲੋਂ ਕੀਤੇ ਗਏ ਜ਼ਬਰ ਦੇ ਖਿਲਾਫ਼ ਕੀਤੇ ਜਾ ਰਹੇ ਹਨ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਤੇ ਆਗੂ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਸਾਡੇ ਦੋਨੋਂ ਜਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ ‘ਤੇ ਕੇਂਦਰ ਅਤੇ ਸੂਬਾ ਸਰਕਾਰ ਨੇ ਜੋ ਘਿਨੌਣਾ ਜਾਬਰ ਚਿਹਰਾ ਦਿਖਾਇਆ, ਇਹ ਵਹਿਸ਼ੀ ਜ਼ਬਰ ਜਮਹੂਰੀ ਹੱਕਾਂ ਅਤੇ ਜ਼ਮੀਨ ਦੇ ਸਵਾਲ ਉੱਪਰ ਡਾਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਇਸ਼ਾਰੇ ਉੱਪਰ ਦੋਨੋਂ ਜਥੇਬੰਦੀਆਂ ਦੇ ਜਮਹੂਰੀ ਹੱਕ “ਰੇਲਾਂ ਦੇ ਚੱਕਾ ਜਾਮ” ਨੂੰ ਅਸਫ਼ਲ ਬਣਾਉਣ ਲਈ 10 ਮਾਰਚ ਸ਼ਾਮ ਤੋਂ 11 ਮਾਰਚ ਤੜਕਸਾਰ ਤੋਂ ਲੈ ਕੇ ਸਾਰਾ ਦਿਨ ਪੁਲਿਸ ਵਲੋਂ ਸੂਬਾਈ ਆਗੂਆਂ ਸਮੇਤ ਪਿੰਡ ਪੱਧਰੀ ਕਾਰਕੁਨਾਂ ਦੇ ਘਰਾਂ ਵਿੱਚ ਛਾਪੇਮਾਰੀਆਂ ਕਰਕੇ ਪਰਿਵਾਰਾਂ ਨੂੰ ਤੰਗ ਪ੍ਰੇਸਾਨ ਕੀਤਾ ਗਿਆ, ਦਲਿਤਾਂ ਦੇ ਵਿਹੜਿਆਂ ਦੀ ਘੇਰਾਬੰਦੀ ਕਰਕੇ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ, ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮੋਗਾ ਵਿਖੇ ਲਾਠੀਚਾਰਜ ਕਰਕੇ ਦਲਿਤ ਮਜ਼ਦੂਰਾਂ ਦੀ ਜ਼ੁਬਾਨ ਬੰਦੀ ਕਰਨ ਲਈ ਭਰਮ ਪਾਲਿਆ ਗਿਆ। ਮਜ਼ਦੂਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਦਫ਼ਤਰ ਅਤੇ ਗ਼ਦਰ ਭਵਨ ਸੰਗਰੂਰ ਵਿਖੇ ਛਾਪੇਮਾਰੀ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਚਲਾਏ ਦਮਨ ਚੱਕਰ ਰਾਹੀਂ ਦਹਿਸ਼ਤ ਪਾ ਕੇ ਬੇਜ਼ਮੀਨੇ ਮਜ਼ਦੂਰਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ, ਲਾਲ ਲਕੀਰ ਵਿੱਚ ਰਹਿੰਦੇ ਘਰਾਂ ਦੀ ਮਾਲਕੀ ਵਰਗੇ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਜਥੇਬੰਦਕ ਸੰਘਰਸ਼ ਤੋਂ ਲਾਂਭੇ ਕੀਤੇ ਜਾਣ ਦੀ ਸਾਜ਼ਿਸ਼ ਸੀ। ਉਨ੍ਹਾਂ ਕਿਹਾ ਕਿ ਵਹਿਸ਼ੀ ਜ਼ਬਰ ਅਤੇ ਦਹਿਸ਼ਤ ਨੂੰ ਚਕਨਾਚੂਰ ਕਰਦਿਆਂ ਬੇਜ਼ਮੀਨੇ ਦਲਿਤਾਂ, ਮਜ਼ਦੂਰਾਂ ਵਲੋਂ ਰੇਲਾਂ ਦੇ ਚੱਕਾ ਜਾਮ ਕਰਕੇ ਆਪਣੇ ਏਕੇ ਦਾ ਪ੍ਰਗਟਾਵਾ ਕੀਤਾ ਹੈ। ਪੁਲਿਸ ਵੱਲੋਂ ਭੜਕਾਹਟ ਪੈਦਾ ਕਰਨ ਦੇ ਬਾਵਜੂਦ ਸ਼ਾਂਤਮਈ ਢੰਗ ਨਾਲ ਬੇਜ਼ਮੀਨੇ ਮਜ਼ਦੂਰਾਂ, ਦਲਿਤਾਂ ਨੇ ਰੇਲਾਂ ਦਾ ਚੱਕਾ ਜਾਮ ਕਰਕੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕੀਤੀ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਆਰਐੱਸਐੱਸ-ਭਾਜਪਾ ਸਰਕਾਰ ਦੇਸ਼ ਅੰਦਰ ਮਨੂਵਾਦ ਥੋਪ ਕੇ ਦਲਿਤਾਂ, ਮਜ਼ਦੂਰਾਂ ਨੂੰ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ। ਇਸ ਕਰਕੇ ਉਹ ਦਲਿਤਾਂ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਣਾ ਚਾਹੁੰਦੀ ਹੈ। ਪੰਜਾਬ ਸਰਕਾਰ ਵੀ ਇਸ ਰਾਹ ਉੱਪਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੇਂਦਰੀ ਅਤੇ ਸੂਬਾ ਮਨੂੰਵਾਦੀ ਸਰਕਾਰਾਂ ਨੂੰ ਸਬਕ ਸਿਖਾਇਆ ਜਾਵੇਗਾ।

Related Articles

Leave a Comment