ਫਗਵਾੜਾ 14 ਜੂਨ (ਸ਼ਿਵ ਕੋੜਾ)
ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਨੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਇੰਟਰਨੈਸ਼ਨਲ ਡਾਇਰੈਕਟਰ ਅਲਾਇੰਸ ਇੰਟਰਨੈਸ਼ਨਲ ਵਲੋਂ ਪ੍ਰਾਪਤ ਹੋਏ ਆਰਥਿਕ ਸਹਿਯੋਗ ਸਦਕਾ ਆਪਣੇ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’ ਤਹਿਤ ਇਕ ਲੋੜਵੰਦ ਵਿਅਕਤੀ ਦੀ ਅੱਖ ਦਾ ਆਪ੍ਰੇਸ਼ਨ ਡਾ: ਤੁਸ਼ਾਰ ਅਗਰਵਾਲ ਦੀ ਦੇਖ-ਰੇਖ ਹੇਠ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸ.ਐਚ.ਓ. ਸਿਟੀ ਅਮਨਦੀਪ ਨਾਹਰ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ‘ਚ ਵੱਧਦਾ ਹੋਇਆ ਪ੍ਰਦੂਸ਼ਣ ਅੱਖਾਂ ਲਈ ਬਹੁੁਤ ਹੀ ਨੁਕਸਾਨਦਾਇਕ ਬਣ ਰਿਹਾ ਹੈ। ਸਰੀਰ ਦੇ ਸਭ ਤੋਂ ਨਾਜੁਕ ਅੰਗਾਂ ‘ਚ ਸ਼ੁਮਾਰ ਅੱਖਾਂ ਦੇ ਬਚਾਅ ਲਈ ਸਾਨੂੰ ਪ੍ਰਦੂਸ਼ਣ ਰਹਿਤ ਵਾਤਾਵਰਣ ਬਨਾਉਣ ‘ਚ ਬਣਦਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਉਹਨਾ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਲੋੜਵੰਦਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾ ਕੇ ਬਹੁਤ ਪਰਉਪਕਾਰੀ ਕੰਮ ਕਰ ਰਹੀ ਹੈ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਜ਼ਰੂਰਤਮੰਦਾਂ ਦੀਆਂ ਅੱਖਾਂ ਦੀ ਬਹੁਤ ਘੱਟ ਚੁੱਕੀ ਰੋਸ਼ਨੀ ਨੂੰ ਵਾਪਿਸ ਲਿਆਉਣ ਵਿਚ ਵਢਮੁੱਲਾ ਯੋਗਦਾਨ ਪਾ ਰਹੀਆਂ ਹਨ ਜੋ ਸ਼ਲਾਘਾਯੋਗ ਹੈ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਵਿੱਚ ਆਪਣਾ ਸਹਿਯੋਗ ਕਰੇਗਾ। ਇਸ ਮੌਕੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅੱਖਾਂ ਦੀ ਸੁਰੱਖਿਆ ਲਈ ਜਾਗਰੁਕਤਾ ਅਤੇ ਸਮੇਂ ਸਿਰ ਡਾਕਟਰੀ ਇਲਾਜ ਜ਼ਰੂਰੀ ਹੈ। ਅੱਜ ਜਦੋਂ ਕੰਪਿਊਟਰ, ਮੋਬਾਇਲ ਦਾ ਦੌਰ ਹੈ ਤਾਂ ਅੱਖਾਂ ਇਸ ਦੌਰ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ਇਹਨਾ ਦੇ ਬਚਾਅ ਲਈ ਸਾਰਥਕ ਯਤਨ ਜ਼ਰੂਰੀ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਦੀ ਅੱਖ ਦਾ ਸਫਲ ਆਪਰੇਸ਼ਨ ਕਰਦੇ ਹੋਏ ਡਾ. ਤੁਸ਼ਾਰ ਅੱਗਰਵਾਲ ਦੀ ਟੀਮ ਵਲੋਂ ਫੋਲਡੇਬਲ ਲੈਂਸ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸਰਬ ਨੌਜਵਾਨ ਸਭਾ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨ ਤੋਂ ਇਲਾਵਾ ਇਲਾਜ ਲਈ ਆਰਥਕ ਸਹਾਇਤਾ ਦਿੰਦੀ ਹੈ ਉੱਥੇ ਹੀ ਮੁਫ਼ਤ ਦਵਾਈਆਂ ਦੀ ਵੰਡ ਵੀ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਡਾ: ਨਰੇਸ਼ ਬਿੱਟੂ, ਅਨੂਪ ਦੁੱਗਲ, ਨਰਿੰਦਰ ਸਿੰਘ ਸੈਣੀ, ਰਾਕੇਸ਼ ਕੋਛੜ, ਵਿਨੋਦ ਭਾਸਕਰ, ਅਰੁਣ ਕੁਮਾਰ ਆਦਿ ਹਾਜ਼ਰ ਸਨ।
ਤਸਵੀਰ ਸਮੇਤ।