ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤਾ ਭਰੋਸਾ, ਐਵਾਰਡ ਜੇਤੂ ਅਧਿਆਪਕਾਂ ਨੂੰ ਮਿਲੇਗਾ ਸੇਵਾਕਾਲ ’ਚ ਵਾਧਾ
ਚੰਡੀਗੜ੍ਹ, 14 ਅਕਤੂਬਰ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਸੱਦੇ ਅਨੁਸਾਰ ਪੰਜਾਬ ਰਿਜਨ ਸਟੇਟ/ਨੈਸ਼ਨਲ ਐਵਾਰਡੀਜ਼ ਟੀਚਰਜ਼ ਐਸੋਸੀਏਸ਼ਨ (ਪ੍ਰਸੰਨਤਾ) ਦੀ ਬੈਠਕ ਸਰਕਟ ਹਾਊਸ ਚੰਡੀਗੜ੍ਹ ’ਚ ਹੋਈ।
ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਪ੍ਰਸੰਨਤਾ ਦੀ ਅਪੀਲ ’ਤੇ ਚੀਫ ਪੈਟਰਨ ਦਾ ਅਹੁਦਾ ਪ੍ਰਵਾਨ ਕਰਦਿਆਂ ਖੁਸ਼ੀ ਸਾਂਝੀ ਕਰਦੇ ਹੋਏ ਐਵਾਰਡ ਜੇਤੂ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਦਾ ਸਨਮਾਨ ਕਰਨਾ ਹੀ ਸਾਡੀ ਸਰਕਾਰ ਦਾ ਨੈਤਿਕ ਫਰਜ਼ ਹੈ ਅਤੇ ਜਿਹੜੇ ਅਧਿਆਪਕਾਂ ਨੇ ਅਧਿਆਪਕ ਦਿਵਸ ਮੌਕੇ ਆਪਣੀਆਂ ਲਾਸਾਨੀ ਸੇਵਾਵਾਂ ਸਦਕਾ ਰਾਜ ਅਤੇ ਕੌਮੀ ਪੱਧਰ ਦੇ ਪੁਰਸਕਾਰ ਹਾਸਲ ਕੀਤੇ ਹਨ, ਦਾ ਸਨਮਾਨ ਬਰਕਰਾਰ ਰੱਖਿਆ ਜਾਵੇਗਾ।
ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਐਵਾਰਡ ਜੇਤੂ ਅਧਿਆਪਕਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਬਜਾਏ ਸੇਵਾ ਮੁਕਤੀ ਉਪਰੰਤ ਮਿਲਣ ਵਾਲਾ ਇਕ ਸਾਲ ਦਾ ਵਾਧਾ ਰੋਕਣਾ ਵੀ ਗਲਤ ਸੀ, ਸੋ ਹੁਣ ਦੁਬਾਰਾ ਚਾਲੂ ਕੀਤਾ ਜਾਵੇਗਾ। ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਵਿਚ ਸਿੱਖਿਆ ਦਾ ਮਾਹੌਲ ਉਸਾਰੂ ਸਿਰਜਣ ਲਈ ਐਵਾਰਡ ਜੇਤੂ ਅਧਿਆਪਕਾਂ ਕੋਲੋਂ ਵੱਡੇ ਸਹਿਯੋਗ ਦੀ ਵੀ ਮੰਗ ਕੀਤੀ।
ਇਸ ਮੌਕੇ ਡਾਕਟਰ ਪਰਮਜੀਤ ਸਿੰਘ ਕਲਸੀ, ਗੁਰਮੀਤ ਸਿੰਘ ਭੋਮਾ, ਗੁਰਮੀਤ ਸਿੰਘ ਬਾਜਵਾ, ਪਲਵਿੰਦਰ ਸਿੰਘ ਬਟਾਲਾ, ਅੰਮਿ੍ਰਤ ਪਾਲ ਸਿੰਘ ਬਰਾੜ, ਹਰਮੰਦਰ ਸਿੰਘ ਤਲਵੰਡੀ ਸਾਹਿਬੋ, ਨਰੰਗ ਸਿੰਘ ਫ਼ਤਹਿਗੜ ਸਾਹਿਬ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਸੰਨਤਾ ਦੇ ਸੂਬਾ ਪ੍ਰਧਾਨ ਰੌਸ਼ਨ ਖੈਡਾ ਅਤੇ ਸੂਬਾ ਜਨਰਲ ਸਕੱਤਰ ਡਾ. ਕਲਸੀ ਨੇ ਬੈਂਸ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ’ਚ ਕੋਰੋਨਾ ਅਤੇ ਕਾਂਗਰਸ ਨੇ ਜੋ ਸਿੱਖਿਆ ਵਿਭਾਗ ਦਾ ਨੁਕਸਾਨ ਕੀਤਾ ਹੈ, ਦੀ ਭਰਪਾਈ ਹੀ ਨਹੀਂ ਬਲਕਿ ਭਗਵੰਤ ਮਾਨ ਸਰਕਾਰ ਦੇ ਦੋ ਕਦਮ ਅੱਗੇ ਜਾਣ ’ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ।