ਹੁਸ਼ਿਆਰਪੁਰ, 21 ਜੂਨ, ( ਤਰਸੇਮ ਦੀਵਾਨਾ )
ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਰਜਿ: ਦੇ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਜਨਰਲ ਸਕੱਤਰ ਕੁਲਵਰਨ ਸਿੰਘ ਅਤੇ ਸਮੁੱਚੀ ਸੂਬਾਈ ਕਾਰਜਕਾਰੀ ਕਮੇਟੀ ਵਲੋਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਅਧਿਆਪਕ ਅਤੇ ਅਧਿਆਪਕਾਵਾਂ ਤੇ ਵਹਿਸ਼ੀਆਨਾ ਲਾਠੀਚਾਰਜ ਕਰਨ ਅਤੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਘੋਰ ਨਿੰਦਿਆ ਕੀਤੀ। ਬਲਵੀਰ ਸਿੰਘ ਸੈਣੀ ਸੂਬਾ ਪ੍ਰੈਸ ਸਕੱਤਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ ਬਦਲਾਅ ਦੇ ਨਾਂ ਉਤੇ ਸੱਤਾ ਵਿਚ ਆਈ ਆਪ ਦੀ ਸਰਕਾਰ ਨੇ ਲੋਕਾਂ ਵਿਚ ਬਦਲਾਅ ਕਰਨ ਦੀ ਥਾਂ ਪਹਿਲੀਆਂ ਸਰਕਾਰਾਂ ਦੇ ਪਦ ਚਿੰਨ੍ਹਾਂ ਤੇ ਚਲਦਿਆ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਅਧਿਆਪਕਾਂ ਤੇ ਲਾਠੀਚਾਰਜ ਕਰਕੇ ਲੋਕਤੰਤਰ ਦਾ ਕਤਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਭਾਸ਼ਣਾ ਵਿੱਚ ਅਕਸਰ ਹੀ ਆਪਣੇ ਆਪ ਨੂੰ ਇੱਕ ਸਾਇਸ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਦਸਿਆ ਫਕਰ ਮਹਿਸੂਸ ਕਰਦੇ ਨਹੀ ਥਕਦੇ ਅਤੇ ਇਹ ਵੀ ਕਹਿੰਦੇ ਹਨ ਕਿ ਕਿਸੇ ਅਧਿਆਪਕ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਲਈ ਸੜਕਾਂ ਤੇ ਨਹੀਂ ਆਉਣਾ ਨਹੀਂ ਪਵੇਗਾ। ਜਦੋਂ ਕਿ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਵਿਭਾਗ ਦੇ ਕੱਚੇ ਮੁਲਾਜਮਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ। ਅਧਿਆਪਕਾਂ ਦੇ ਇਸ ਸੰਘਰਸ਼ ਨੇ ਪੰਜਾਬ ਸਰਕਾਰ ਦੀਆਂ ਫਲੈਕਸ ਨੀਤੀਆਂ ਪੂਰੀ ਤਰ੍ਹਾਂ ਨੰਗੀਆਂ ਕਰ ਦਿਤੀਆ ਹਨ। ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਸਰਕਾਰ ਕੁਝ ਕਰਨ ਦੀ ਥਾਂ ਸਿਰਫ ਫਲੈਕਸਾਂ ਉਤੇ ਹੀ ਰੰਗਲਾ ਪੰਜਾਬ ਉਸਾਰਣ ਜਾ ਰਹੀ ਹੈ। ਕਿਸੇ ਵੀ ਨਵੀਂ ਸਰਕਾਰ ਨੂੰ ਪੈਰਾਂ ਤੇ ਖੜੇ ਹੋਣ ਲਈ ਲੋਕਾਂ ਵਲੋਂ ਇੱਕ ਸਾਲ ਦਾ ਸਮਾਂ ਦੇਣਾ ਬਹੁਤ ਵੱਡੀ ਗੱਲ ਹੈ। ਪਰ ਮਾਨ ਦੀ ਸਰਕਾਰ ਨੇ ਅੱਜ ਆਪਣੇ ਵਾਧੇ ਤੋਂ ਮੁਕਰਦਿਆਂ ਪੱਕੇ ਰੁਜਗਾਰ ਦੀ ਮੰਗ ਕਰਦੇ ਸ਼ਾਤ ਮਈ ਰੋਸ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਸੰਗਰੂਰ ਦੀ ਪੁਲਿਸ ਨੇ ਪੰਜਾਬ ਸਰਕਾਰ ਦੀ ਸ਼ਹਿ ਤੇ ਬੇਦਰਦ ਦਰਿੰਦਗੀ ਨਾਲ ਲਾਠੀ ਚਾਰਜ ਕਰਨ ਦਾ ਵਹਿਸ਼ੀ ਕਾਰਨਾਮਾਂ ਕਰਕੇ ਮਾਨ ਵਲੋਂ ਦਿੱਤੇ ਜਾਂਦੇ ਲੱਛੇਦਾਰ ਭਾਸ਼ਨਾ ਅਤੇ ਲੋਕਾਂ ਨਾਲ ਕੀਤੇ ਵਾਦਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਸੈਣੀ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਇਸ ਦਾ ਖਮਿਆਜਾ ਪੰਜਾਬ ਦੀ ਮਾਨ ਸਰਕਾਰ ਨੂੰ 2024 ਦੀਆਂ ਚੋਣਾਂ ਸਮੇਂ ਭੁਗਤਣਾ ਪਵੇਗਾ। ਆਗੂਆਂ ਨੇ ਦਸਿਆ ਕਿ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵਲੋਂ ਮਿਤੀ 4 ਜੁਲਾਈ ਨੂੰ ਸਾਰੇ ਜਿਿਲ੍ਹਆਂ ਵਿੱਚ ਅਧਿਆਪਕਾਂ ਉਪਰੇ ਸੰਗਰੂਰ ਵਿਖੇ ਹੋਏ ਲਾਠੀਚਾਰਜ਼ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੀਆਂ ਅਰਥੀ ਫੂਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸਮੰੂਹ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ ਆਪਣੇ ਆਪੇ ਜਿਿਲ੍ਹਆਂ ਵਿੱਚ ਇੰਨ੍ਹਾਂ ਅਰਥੀ ਫੂਕ ਰੈਲੀਆਂ ਵਿਚ ਰੋਸ ਪ੍ਰਦਰਸ਼ਨ ਕਰਨ ਅਤੇ ਵੱਡੀ ਗਿਣਤੀ ਵਿਚ ਅਧਿਆਪਕਾਂ ਨਾਲ ਇੱਕ ਮੁਠਤਾ ਜਾਹਿਰ ਕਰਨ ਲਈ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਕੰਨਫੈਡਰੇਸ਼ਨ ਦੇ ਆਗੂਆਂ ਨੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਇਕੱਠੇ ਹੋ ਕੇ ਕਿਸੇ ਵੱਡੇ ਤੇ ਫੈਸਲਾਕੁਨ ਸੰਘਰਸ਼ ਨੂੰ ਵਿੱਢਣ ਦੀ ਅਪੀਲ ਕੀਤੀ।