Home » ਕਿਸਾਨ ਜਥੇਬੰਦੀਆਂ ਨੇ 4 ਘੰਟੇ ਲਈ ਰੇਲ ਗੱਡੀਆਂ ਰੋਕੀਆਂ

ਕਿਸਾਨ ਜਥੇਬੰਦੀਆਂ ਨੇ 4 ਘੰਟੇ ਲਈ ਰੇਲ ਗੱਡੀਆਂ ਰੋਕੀਆਂ

14 ਮਾਰਚ ਦੀ ਦਿੱਲੀ ਕਿਸਾਨ-ਮਜਦੂਰ ਮਹਾਂ ਪੰਚਾਇਤ ਇਤਿਹਾਸਕ ਹੋਵੇਗੀ

by Rakha Prabh
14 views
ਦਲਜੀਤ ਕੌਰ
ਬਰਨਾਲਾ, 10 ਮਾਰਚ,
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਜ਼ਿਲ੍ਹਾ ਬਰਨਾਲਾ ਦੀਆਂ ਚਾਰ ਕਿਸਾਨ ਜਥੇਬੰਦੀਆਂ ਬੀਕੇਯੂ ਏਕਤਾ-ਉਗਰਾਹਾਂ ਬੀਕੇਯੂ ਏਕਤਾ (ਡਕੌਂਦਾ-ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਅਤੇ ਕਿਸਾਨ ਸੰਘਰਸ਼ ਕਮੇਟੀ ਦੋਆਬਾ ਵੱਲੋਂ ਬਰਨਾਲੇ ਵਿਖੇ ਕਿਸਾਨੀ ਅੰਦੋਲਨ ਦਿੱਲੀ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ, ਮੌਜੂਦਾ ਕਿਸਾਨ ਅੰਦੋਲਨ ‘ਤੇ ਮੋਦੀ ਹਕੂਮਤ ਵੱਲੋਂ ਢਾਹੇ ਅੰਨ੍ਹੇ ਜ਼ਬਰ ਦੇ ਜ਼ਿੰਮੇਵਾਰ ਮੰਤਰੀਆਂ ਤੇ ਪਰਚੇ ਦਰਜ ਕਰਵਾਉਣ ਅਤੇ ਕਿਸਾਨਾਂ ਦਾ ਸੰਘਰਸ਼ ਖੋਹਿਆ ਜਮਹੂਰੀ ਹੱਕ ਬਹਾਲ ਕਰਾਉਣ ਲਈ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਹਜ਼ਾਰਾਂ ਕਿਸਾਨ-ਮਜ਼ਦੂਰ, ਨੌਜਵਾਨ ਤੇ ਬੀਬੀਆਂ ਨੇ ਰੋਹ ਭਰੇ ਆਕਾਸ਼ ਗੁੰਜਾਊ ਨਾਹਰੇ ਲਾ ਕੇ ਭਾਜਪਾ ਹਕੂਮਤ ਦੀ ਨਿਖੇਧੀ ਕੀਤੀ।
ਕਿਸਾਨ ਬੁਲਾਰਿਆਂ ਨੇ ਬਹੁਤ ਹੀ ਦੁੱਖ ਭਰੀ ਆਵਾਜ਼ ਵਿੱਚ ਕਿਹਾ ਕਿ ਭਾਜਪਾ ਹਕੂਮਤ ਵੱਲੋਂ ਲੋਕਾਂ ਦਾ ਜਮਹੂਰੀ ਹੱਕ ਖੋਹ ਕੇ ਬਾਰਡਰਾਂ ਨੂੰ ਪਾਕਿਸਤਾਨ ਤੇ ਚੀਨ ਦੇ ਬਾਰਡਰਾਂ ਦੀ ਤਰਜ਼ ‘ਤੇ ਬੰਦ ਕਰਕੇ ਭਾਰਤ ਦੇ ਕਿਸਾਨਾਂ ਨਾਲ ਘੋਰ ਅਨਿਆਂ  ਕੀਤਾ ਜਾ ਰਿਹਾ ਹੈ ਦੇਸ਼ ਨੂੰ ਫੌਜੀ ਛਾਉਣੀ ਵਿੱਚ ਬਦਲ ਕੇ ਕਿਸਾਨਾਂ ਤੇ ਜ਼ਬਰ ਢਾਹਿਆ ਜਾ ਰਿਹਾ ਹੈ। ਮੁਲਕ ਦੇ ਕੁਦਰਤੀ ਮਾਲ ਖਜ਼ਾਨਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਭਾਰਤ ਦੇ ਅੰਨਦਾਤਾ ਨੇ ਅਨਾਜ ਪੈਦਾਵਾਰ ਕਰਨ ਦਾ ਦੁਨੀਆਂ ਭਰ ਵਿੱਚ ਰਿਕਾਰਡ ਕਾਇਮ ਕੀਤਾ ਹੈ, ਦੇਸ਼ ਦਾ ਨਾਮ ਚਮਕਾਇਆ ਹੈ। ਪਰ ਭਾਜਪਾ ਹਕੂਮਤ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਮੰਨਣ ਤੋਂ ਮੁਨਕਰ ਹੋਈ ਬੈਠੀ ਹੈ ਜੋ ਕਿ ਦੇਸ਼ ਦੇ ਕਿਸਾਨਾਂ ਲਈ ਅਤਿਅੰਤ ਨੁਕਸਾਨਦੇਹ ਹੈ।
ਕਿਸਾਨ ਆਗੂਆਂ ਨੇ‌ਮੰਗ ਕੀਤੀ ਕਿ ਸਰਕਾਰ ਆਪਣਾ ਅੜੀਅਲ ਵਤੀਰਾ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਐਮਐਸਪੀ ਸਾਰੀਆਂ ਫ਼ਸਲਾਂ ਤੇ ਦੇ ਕੇ, ਸਰਕਾਰੀ ਖਰੀਦ ਗਰੰਟੀ ਕਾਨੂੰਨ ਬਣਾਇਆ ਜਾਵੇ, ਕਿਸਾਨਾਂ-ਮਜਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਕਿਸਾਨਾਂ ਨੂੰ ਸ਼ਹੀਦ ਤੇ ਸੈਂਕੜੇ ਨੂੰ ਜ਼ਖਮੀ ਕਰਨ ਤੇ ਟਰੈਕਟਰ ਟਰਾਲੀਆਂ ਦੀ ਭੰਨ ਤੋੜ ਕਰਨ ਤੇ ਹੁਕਮ ਦੇਣ ਵਾਲੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਤੇ ਪਰਚੇ ਦਰਜ਼ ਕੀਤੇ ਜਾਣ, ਬਿਜਲੀ ਬਿੱਲ-2020 ਰੱਦ ਕੀਤਾ ਜਾਵੇ, ਦਿੱਲੀ ਅੰਦੋਲਨ ਦੇ ਸ਼ਹੀਦ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਤੇ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਅੰਦੋਲਨਕਾਰੀਆਂ ਸਿਰ ਮੜੇ ਝੂਠੇ ਕੇਸ ਰੱਦ ਕੀਤੇ ਜਾਣ। ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਕਿਸਾਨਾਂ-ਮਜਦੂਰਾਂ ਨੂੰ ਬੁਢਾਪਾ ਪੈਨਸ਼ਨ 10,000 ਰੁਪਏ ਦਿੱਤੀ ਜਾਵੇ ਅਤੇ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਕਰਨ ਖੋਹਿਆ ਜਮਹੂਰੀ ਹੱਕ ਬਹਾਲ ਕਰਕੇ ਬਾਰਡਰਾਂ ਤੇ ਲਾਈਆਂ ਰੋਕਾਂ ਖਤਮ ਕੀਤੀਆਂ ਜਾਣ। 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨੀ ਦਿੱਲੀ ਵਿਖੇ ਕਿਸਾਨ -ਮਜਦੂਰ ਮਹਾਂ ਪੰਚਾਇਤ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਾਫ਼ਲੇ ਦਿੱਲੀ ਲਈ ਰਵਾਨਾ ਹੋਣਗੇ। ਕਿਸਾਨ ਆਗੂਆਂ ਪਿੰਡਾਂ ਵਿੱਚੋਂ ਬੈਠੇ ਸਾਰੇ ਕਿਸਾਨਾਂ-ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਕਾਫ਼ਲਿਆਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੜਾਈ ਖੇਤੀ ਸਮੇਤ ਪੇਂਡੂ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਹੈ।
ਅੱਜ ਦੇ ਬੁਲਾਰੇ ਭਾਕਿਯੂ ਏਕਤਾ (ਡਕੌਂਦਾ-ਧਨੇਰ) ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ, ਕੁਲਵੰਤ ਭਦੌੜ ਜ਼ਿਲ੍ਹਾ ਪ੍ਰਧਾਨ, ਜਗਰਾਜ ਸਿੰਘ ਹਰਦਾਸਪੁਰਾ, ਬੀਕੇਯੂ ਏਕਤਾ-ਉਗਰਾਹਾਂ ਦੇ ਸੂਬਾ ਆਗੂ ਰੂਪ ਸਿੰਘ ਛੰਨਾਂ, ਦਰਸ਼ਨ ਸਿੰਘ ਭੈਣੀ ਮਹਿਰਾਜ, ਮੀਤ ਪ੍ਰਧਾਨ ਬੁੱਕਣ ਸੱਦੋਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਲਖਵੀਰ ਸਿੰਘ ਦੁੱਲਮਸਾਰ, ਮਨਜੀਤ ਰਾਜ, ਗੁਰਮੇਲ ਸਿੰਘ, ਸਾਹਿਬ ਸਿੰਘ ਬਡਬਰ, ਬਾਬੂ ਸਿੰਘ ਖੁੱਡੀ ਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਰਜੀਤ ਸਿੰਘ ਠੁੱਲੀਵਾਲ ,ਕੁਲਵਿੰਦਰ ਉੱਪਲੀ, ਬਲਵੰਤ ਸਿੰਘ ਠੀਕਰੀਵਾਲਾ ਤੇ ਭੈਣ ਪ੍ਰੇਮਪਾਲ ਕੌਰ, ਭਗਤ ਸਿੰਘ ਛੰਨਾਂ, ਬਲੌਰ ਸਿੰਘ ਛੰਨਾਂ, ਕਿਸ਼ਨ ਸਿੰਘ ਛੰਨਾ, ਜੱਜ ਸਿੰਘ ਗਹਿਲ, ਨਾਹਰ ਸਿੰਘ ਗੁੰਮਟੀ, ਚਰਨ ਸਿੰਘ ਭਦੌੜ, ਦਰਸ਼ਨ ਸਿੰਘ ਚੀਮਾ, ਸੰਤ ਸਿੰਘ, ਹਰਜੀਤ ਸਿੰਘ, ਭੈਣ ਬਿੰਦਰ ਪਾਲ ਕੌਰ ਭਦੌੜ, ਮਨਜੀਤ ਕੌਰ ਕਾਹਨੇਕੇ, ਕੁਲਵਿੰਦਰ ਕੌਰ ਵਜੀਦਕੇ ਤੇ ਰਾਮ ਸਿੰਘ ਸੰਘੇੜਾ ਨੇ ਸੰਬੋਧਨ ਕੀਤਾ। ਅਖੀਰ ਵਿੱਚ ਬੁਲਾਰਿਆਂ ਨੇ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਕਿਸਾਨ-ਮਜਦੂਰ ਮਹਾਂ ਪੰਚਾਇਤ ਵਿੱਚ ਹਜ਼ਾਰਾਂ ਕਿਸਾਨ ਨੌਜਵਾਨ ਬੀਬੀਆਂ ਦੇ ਕਾਫ਼ਲੇ ਬਣਾ ਕੇ ਪਹੁੰਚਣ ਦਾ ਸੱਦਾ ਦਿੱਤਾ।

Related Articles

Leave a Comment