ਜਲੰਧਰ (ਪ੍ਰਭਸਿਮਰਨਪਾਲ ਸਿੰਘ ਮਾਨ )- ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿਚ ਜਲੰਧਰ ਪੁਲਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਸ ਨੇ ਯਾਦਵਿੰਦਰ ਸਿੰਘ ਯਾਦਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਯਾਦਵਿੰਦਰ ਸਿੰਘ ਯਾਦਾ ‘ਤੇ ਇਲਜ਼ਾਮ ਹਨ ਕਿ ਉਸ ਨੇ ਸ਼ੂਟਰਾਂ ਨੂੰ ਵਾਰਦਾਤ ਵਾਲੀ ਥਾਂ ਦੀ ਰੇਕੀ ਕਰਵਾਉਣ, ਅੰਮ੍ਰਿਤਸਰ ਵਿੱਚ ਰਿਹਾਇਸ਼ ਦਾ ਪ੍ਰਬੰਧ ਕਰਵਾਉਣ, ਸ਼ੂਟਰਾਂ ਨੂੰ ਹਥਿਆਰ ਬਰਾਮਦ ਕਰਵਾਉਣ ਅਤੇ ਵਾਰਦਾਤ ਤੋਂ ਬਾਅਦ ਭੱਜਣ ਲਈ ਗੱਡੀ ਮੁਹੱਈਆ ਕਰਵਾਈ ਸੀ। ਇਹ ਖ਼ੁਲਾਸੇ ਪੁਲਸ ਨੇ ਸਿਮਰਜੀਤ ਸਿੰਘ ਜੁਝਾਰ ਤੋਂ ਕੀਤੀ ਪੁੱਛਗਿੱਛ ਦੌਰਾਨ ਕੀਤੇ ਹਨ।
ਪੁਲਸ ਮੁਤਾਬਕ ਸਿਮਰਜੀਤ ਸਿੰਘ ਜੁਝਾਰ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਯਾਦਾ ਉਸ ਦਾ ਰਿਸ਼ਤੇਦਾਰ ਹੈ। ਜੁਝਾਰ ਦੀ ਪਤਨੀ ਯਾਦਵਿੰਦਰ ਯਾਦਾ ਦੀ ਭੈਣ ਹੈ । ਸਿਮਰਜੀਤ ਸਿੰਘ ਜੁਝਾਰ ਨੇ ਦੱਸਿਆ ਕਿ ਯਾਦਵਿੰਦਰ ਯਾਦਾ ਨੇ ਕੈਨੇਡਾ ਵਿੱਚ ਰਹਿੰਦੇ ਸੁੱਖਾ ਦੁਨੇਕੇ ਅਤੇ ਸੋਨਾਵਰ ਢਿੱਲੋਂ ਦੇ ਕਹਿਣ ‘ਤੇ ਇਹ ਰੇਕੀ ਕੀਤੀ ਸੀ।
ਦੱਸਣਯੋਗ ਹੈ ਕਿ ਥਾਣਾ ਸਦਰ ਅਧੀਨ ਆਉਂਦੇ ਪਿੰਡ ਮੱਲ੍ਹੀਆਂ ਖੁਰਦ ’ਚ ਇਕ ਚੱਲਦੇ ਕਬੱਡੀ ਟੂਰਨਾਮੈਂਟ ਦੌਰਾਨ ਬੀਤੇਂ ਦਿਨੀਂ ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਣਾ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੰਦੀਪ ਨੰਗਲ ਅੰਬੀਆਂ (38) ਪੁੱਤਰ ਸਰਵਨ ਸਿੰਘ ਕਬੱਡੀ ਦਾ ਚਮਕਦਾ ਸਿਤਾਰਾ ਅੰਤਰਰਾਸ਼ਟਰੀ ਖਿਡਾਰੀ ਸੀ। ਪਿੰਡ ਮੱਲ੍ਹੀਆਂ ’ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਕਿ ਇਸ ਦੌਰਾਨ 4-5 ਅਣਪਛਾਤੇ ਵਿਅਕਤੀ ਗੱਡੀ ’ਚ ਆਏ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਨਕੋਦਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਮਲਾਵਰਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਦੇ ਛੱਰੇ ਟੂਰਨਾਮੈਂਟ ਦੇਖ ਰਹੇ 2 ਹੋਰ ਨੌਜਵਾਨਾਂ ਦੇ ਵੀ ਲੱਗੇ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।