Home » 6 ਜੁਲਾਈ ਨੂੰ ਬਰਸੀ ’ਤੇ ਵਿਸ਼ੇਸ਼

6 ਜੁਲਾਈ ਨੂੰ ਬਰਸੀ ’ਤੇ ਵਿਸ਼ੇਸ਼

      ਬਹੁਪੱਖੀ ਸ਼ਖ਼ਸੀਅਤ ਸਨ- ਦੀਵਾਨ ਸਿੰਘ ਮੱਕੜ

by Rakha Prabh
19 views

            ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਕੀ ਕਾਂਸੀ ਦਾ ਵਰਦਾਨ ਧਰਤੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਹੁਤ ਸਾਰੇ ਕਵੀ-ਕਵੀਸ਼ਰ ਆਪਣੀਆਂ ਕਲਮਾਂ ਰਾਹੀਂ ਗੁਰੂ ਦਾ ਜਸ ਗਾ ਰਹੇ ਹਨ। ਉਹਨਾਂ ਹੀ ਕਵੀਆਂ ਵਿੱਚੋਂ ਮਾਲਵੇ ’ਚ ਉੱਘਾ ਸ਼ਾਇਰ ਤੇ ਅਣਗੌਲਿਆ ਕਵੀ ਸੀ ਦੀਵਾਨ ਸਿੰਘ ਮੱਕੜ।
ਦੀਵਾਨ ਸਿੰਘ ਮੱਕੜ ਦਾ ਜਨਮ 1938 ਈ: ਨੂੰ ਪਿਤਾ ਸ੍ਰ: ਸੇਵਾ ਸਿੰਘ ਦੇ ਘਰ ਮਾਤਾ ਗਨੇਸ਼ ਬਾਈ ਦੀ ਕੁੱਖ ਤੋਂ ਪਿੰਡ ਗਾਂਵਰਵਾਲਾ ਤਹਿਸੀਲ ਭੱਖਰ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਖੇ ਹੋਇਆ। ਉਹਨਾਂ ਸਮੇਤ ਤਿੰਨ ਭਰਾ ਤੇ ਤਿੰਨ ਭੈਣਾਂ ਸਨ। ਉਹਨਾਂ ਚਾਰ ਜਮਾਤਾਂ ਪਿੰਡ ਗਾਂਵਰਵਾਲਾ ਵਿਖੇ ਤੇ ਚਾਰ ਜਮਾਤਾਂ (ਪੰਜਵੀਂ ਤੋਂ ਅੱਠਵੀਂ ਤੱਕ) ਦੇਸ਼ ਵੰਡ ਤੋਂ ਬਾਅਦ ਇਧਰ (ਭਾਰਤ) ਆ ਕੇ ਪਾਸ ਕੀਤੀਆਂ। 1947 ਈ: ਦੇ ਸ਼ੁਰੂ ਵਿੱਚ ਵੰਡ ਤੋਂ ਬਾਅਦ ਉਹਨਾਂ ਦੇ ਪਿਤਾ ਪਰਿਵਾਰ ਸਮੇਤ ਜਮਾਲਪੁਰ ਲੁਧਿਆਣਾ ਆ ਗਏ। ਉਹਨਾਂ ਦੇ ਦਾਦਾ ਸ੍ਰ: ਸੰਤ ਸਿੰਘ ਬੜੇ ਮਿਹਨਤੀ ਤੇ ਇਮਾਨਦਾਰ ਵਿਅਕਤੀ ਸਨ। ਛੇ ਮਹੀਨੇ ਲੁਧਿਆਣੇ ਕੈਂਪ ਵਿੱਚ ਰਹੇ। ਕੈਂਪ ਵਿੱਚ ਉਹਨਾਂ ਦੇ ਪਰਿਵਾਰ ਨੇ ਬੜੇ ਔਖੇ ਦਿਨ ਕੱਟੇ, ਬੜੀਆਂ ਮੁਸੀਬਤਾਂ ਝੱਲੀਆਂ, ਕੈਂਪ ਵਿੱਚ ਆਟਾ, ਦਾਣਾ, ਦਾਲਾਂ ਦੀ ਬੜੀ ਕਿੱਲਤ ਸੀ। ਜੇਕਰ ਕੈਂਪ ਵਿੱਚ ਉਹਨਾਂ ਨੂੰ ਸਰੋਂ ਦਾ ਤੇਲ ਮਿਲਿਆ ਤਾਂ ਉਹਨਾਂ ਦੇ ਮਾਤਾ ਗਨੇਸ਼ ਬਾਈ ਨੇ ਇਹ ਕਹਿ ਕੇ ਡੋਲ੍ਹ ਦਿੱਤਾ ਕਿ ਮੈਨੂੰ ਭੀਖ ਨਹੀਂ, ਮਿਹਨਤ ਨਾਲ ਲਿਆਂਦਾ ਰਾਸ਼ਨ ਚਾਹੀਦਾ ਹੈ।
ਲੁਧਿਆਣਾ ਸ਼ਹਿਰ ਵਿੱਚ ਉਹਨਾਂ ਦਾ ਕਰੀਬੀ ਰੇਸ਼ਮ ਲਾਲ ਰੰਗੀਲਾ ਮਿਲਿਆ ਜਿਸ ਨੇ ਉਹਨਾਂ ਨੂੰ ਜਸਵੀਰ ਸਿੰਘ ਅੰਮ੍ਰਿਤਸਰ ਦੇ ਕਾਰਖਾਨੇ ਵਿੱਚ ਗੋਟਾ (ਰੀਲਾਂ) ਸਵਾਰਨ ਦੇ ਕੰਮ ਤੇ ਲਗਵਾ ਦਿੱਤਾ। ਹੌਲੀ-ਹੌਲੀ ਜਮਾਲਪੁਰ ਤੋਂ ਲੁਧਿਆਣਾ ਸ਼ਹਿਰ ਆ ਗਏ। ਫਿਰ ਤਾਵੜੂ (ਹਰਿਆਣਾ) ਕੈਂਪ ਤੇ ਉਸ ਤੋਂ ਬਾਅਦ ਰੇਵਾੜੀ ਕੈਂਪ ’ਚ ਛੇ ਮਹੀਨੇ ਰਹੇ। ਰੇਵਾੜੀ ਕੈਂਪ ’ਚ ਹੈਜਾ ਫੈਲਿਆ ਹੋਇਆ ਸੀ। ਰੋਜ਼ਾਨਾ ਹੀ ਪੰਜਾਹ-ਸੌ ਮਰ ਜਾਂਦੇ ਸਨ। ਉਸ ਸਮੇਂ ਆਪ ਦਾ ਵੱਡਾ ਭਰਾ ਲੁਧਿਆਣਾ ਸੀ। ਉਹਨਾਂ ਦੇ ਪਿਤਾ ਸ੍ਰ: ਸੇਵਾ ਸਿੰਘ ਵੀ ਹੈਜੇ ਦੀ ਬਿਮਾਰੀ ਦੀ ਪਕੜ ’ਚ ਆ ਗਏ। ਉਸ ਸਮੇਂ ਦੇ ਹਕੀਮ ਨੇ ਕਿਹਾ ਕਿ ਦਵਾਈ ਲੈ ਕੇ ਘਰ ਚਲੇ ਜਾਉ। ਪਿਤਾ ਜੀ ਦੀ ਹਾਲਾਤ ਦਿਨੋ-ਦਿਨ ਬਹੁਤ ਖ਼ਰਾਬ ਹੁੰਦੀ ਗਈ। ਫਿਰ ਪਿਤਾ ਜੀ ਨੂੰ ਹਸਪਤਾਲ ਲੈ ਜਾਇਆ ਗਿਆ। ਡਾਕਟਰ ਨੇ ਉਹਨਾਂ (ਦੀਵਾਨ ਸਿੰਘ) ਨੂੰ ਕਿਹਾ ਕਿ ਬਿਨਾਂ ਲਾਲ ਦਵਾਈ ਤੋਂ ਪਾਣੀ ਲਿਆ, ਕਿਉਂਕਿ ਉਸ ਸਮੇਂ ਸਾਰੇ ਪਾਸੇ ਬਿਮਾਰੀ ਫੈਲਣ ਕਾਰਨ ਖੂਹਾਂ ਵਿੱਚ ਲਾਲ ਦਵਾਈ ਪਾਈ ਹੋਈ ਸੀ। ਡਾਕਟਰ ਨੂੰ ਸ੍ਰ: ਸੇਵਾ ਸਿੰਘ ਦੇ ਟੀਕਾ ਲਗਾਉਣ ਲਈ ਪਾਣੀ ਦੀ ਜ਼ਰੂਰਤ ਸੀ। ਦੀਵਾਨ ਸਿੰਘ ਪਾਣੀ ਲੈਣ ਚਲੇ ਗਏ। ਪਾਣੀ ਦੀ ਬੜੀ ਤੰਗੀ ਸੀ। ਸਟੇਸ਼ਨ ਤੋਂ ਪਾਣੀ ਲੈ ਕੇ ਆ ਰਹੇ ਸਨ ਪਰ ਰੌਲੇ ਕਾਰਨ ਰਸਤੇ ਵਿੱਚ ਹੀ ਰੋਕ ਲਿਆ। ਦੀਵਾਨ ਸਿੰਘ ਨੇ ਪਾਣੀ ਦਾ ਛੋਟਾ ਜਿਹਾ ਮਟਕਾ ਆਪਣੇ ਲੱਕ ਦੇ ਦੁਆਲੇ ਬੰਨ੍ਹ ਲਿਆ। ਸਕੂਲ ਦੀਆਂ ਕੰਧਾਂ (ਦੀਵਾਰਾਂ) ਤੇ ਚਾਰੇ ਪਾਸੇ ਸ਼ੀਸ਼ਾ (ਕੱਚ) ਲੱਗਿਆ ਹੋਇਆ ਸੀ ਪਰ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ। ਸਕੂਲ ਦੀ ਦੀਵਾਰ ਟੱਪ (ਲੰਘ) ਕੇ ਆਪ ਪਾਣੀ ਲੈ ਕੇ ਕੈਂਪ ਵਿੱਚੋਂ ਲੰਘਦੇ-ਲੰਘਦੇ ਹਸਪਤਾਲ ਪਹੁੰਚੇ। ਡਾਕਟਰ ਨੇ ਪਾਣੀ ਨਾਲ ਟੀਕਾ ਲਾਇਆ, ਚਾਰ ਘੰਟਿਆਂ ਬਾਅਦ ਅੱਖ ਖੁੱਲ੍ਹੀ ਤੇ ਪੰਜ ਘੰਟਿਆਂ ਬਾਅਦ ਉਹਨਾਂ ਦੇ ਪਿਤਾ ਸ੍ਰ: ਸੇਵਾ ਸਿੰਘ ਜੀ ਬੋਲੇ। ਡਾਕਟਰ ਸਾਹਿਬ ਨੇ ਕਿਹਾ, ‘‘ਦੀਵਾਨ ਸਿੰਘ ਦੇ ਹੱਥ ਵਿੱਚ ਸ਼ੀਸ਼ਾ (ਕੱਚ) ਖੁੱਭ ਗਿਆ, ਹੱਥ ਵਿੱਚੋਂ ਖ਼ੂਨ ਵਗ ਰਿਹਾ ਹੈ ਪਰ ਉਹਨਾਂ ਪਿਤਾ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸੇਵਾ ਸਿੰਘ ਨੇ ਆਪਣੇ ਪੁੱਤਰ ਦੀਵਾਨ ਸਿੰਘ ਦਾ ਮੱਥਾ ਚੁੰਮਿਆ।’’ 1948 ਈ: ਵਿੱਚ ਹਾੜ ਦੇ ਮਹੀਨੇ ਸ੍ਰ: ਸੇਵਾ ਸਿੰਘ ਅਕਾਲ ਚਲਾਣਾ ਕਰ ਗਏ।
ਉਹਨਾਂ ਦੇ ਮਾਮਾ ਲੀਲਾ ਰਾਮ ਨੇ ਕਿਹਾ ਕਿ ਮੁਕਤਸਰ ਚੱਲੋ, ਭੈਣ ਨੇ ਕਿਹਾ ਮਲੋਟ ਚੱਲੋ। ਅਖੀਰ ਮਲੋਟ ਵਿਖੇ ਕਿਰਾਏ ਤੇ ਮਕਾਨ ਲੈ ਕੇ ਦੋ ਮਹੀਨੇ ਰਹੇ। ਫਿਰ 1952 ਈ: ਵਿੱਚ ਮਾਮਾ ਮੁਕਤਸਰ ਲੈ ਆਇਆ। ਇੱਥੇ ਆ ਕੇ ਉਹਨਾਂ ਖੱਡੀਆਂ ਦਾ ਕੰਮ ਸ਼ੁਰੂ ਕੀਤਾ। ਖੱਡੀਆਂ ਤੇ ਖੇਸ, ਚਾਦਰਾਂ ਬਣਾਉਂਦੇ, ਰੰਗਾਈ ਕਰਦੇ, 20 ਫ਼ਰਵਰੀ 1958 ਈ: (8 ਫੱਗਣ ਦਿਨ ਬੁੱਧਵਾਰ) ਨੂੰ ਦੀਵਾਨ ਸਿੰਘ ਦਾ ਵਿਆਹ ਸ਼੍ਰੀ ਮੰਨਾ ਰਾਮ ਦੀ ਪੁੱਤਰੀ ਦੇਵ ਕੌਰ ਨਾਲ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਹਨਾਂ ਦੇ ਘਰ ਦੋ ਲੜਕੇ ਤੇ ਪੰਜ ਲੜਕੀਆਂ ਨੇ ਜਨਮ ਲਿਆ। ਉਹਨਾਂ ਆਪਣੇ ਲੜਕਿਆਂ ਨੂੰ ਕਾਰੋਬਾਰ ਵਿੱਚ ਨਿਪੁੰਨ ਕੀਤਾ। ਉਹਨਾਂ ਦੀਆਂ ਲੜਕੀਆਂ ਮਲੋਟ, ਕੋਟਕਪੁੂਰਾ, ਜਲਾਲਾਬਾਦ ਵਿੱਚ ਵਿਆਹੀਆਂ ਹੋਈਆਂ ਹਨ। ਇੱਕ  ਲੜਕੀ ਪਰਿਵਾਰ ਸਮੇਤ ਪਿਛਲੇ ਪੱਚੀ ਸਾਲ ਤੋਂ ਲੁਧਿਆਣਾ ਵਿਖੇ ਰਹਿ ਰਹੀ ਹੈ। ਲੜਕੀਆਂ ਆਪਣੇ ਘਰਾਂ ਵਿੱਚ ਸੁਖੀ ਜੀਵਨ ਬਸਰ ਕਰ ਰਹੀਆਂ ਹਨ।
ਸੰਨ 1965 ਈ: ਵਿੱਚ ਗੌਰਮਿੰਟ ਕਾਲਜ ਮੁਕਤਸਰ ਬਣਿਆ, 1965 ਤੋੋਂ 1975 ਤੱਕ ਕਾਲਜ ਵਿੱਚ ਸਾਹਿਤ ਸਭਾ ਦੀਆਂ ਮੀਟਿੰਗਾਂ, ਫੰਕਸ਼ਨ, ਕਵੀ ਦਰਬਾਰ ਹੁੰਦੇ। ਕਵੀ ਸਾਬਰ ਹੁਸੈਨ ਪ੍ਰਧਾਨ ਹੁੰਦੇ ਸਨ। ਉਹਨਾਂ ਜਦੋਂ ਕਿਹਾ ਕਿ ਕਿਸੇ ਵਿਸ਼ੇ ਤੇ ਬੋਲਣਾ ਹੈ, ਫਿਰ ਉਹ ਬੋਲਣ ਤੋਂ ਪਹਿਲਾਂ ਹੀ ਰੁਕ ਗਏ। ਉਹਨਾਂ ਕਿਹਾ ਕਿ ਪ੍ਰਧਾਨ ਮੈਂ ਨਹੀਂ ਹਾਂ, ਤੁਹਾਡੇ ਸਾਹਮਣੇ ਬੜੇ ਉੱਚੇ ਲੰਮੇ, ਸੋਹਣੇ ਨੌਜਵਾਨ ਜੋ ਪ੍ਰਧਾਨ ਹਨ, ਜਦੋਂ ਤੁਸੀਂ ਦਰਸ਼ਨ ਕਰੋਗੇ, ਤਾੜੀਆਂ ਮਾਰ ਕੇ ਹੱਸੋਗੇ। ਉਹ ਕੋਈ ਹੋਰ ਨਹੀਂ ਸੀ, ਦੀਵਾਨ ਸਿੰਘ ਮੱਕੜ ਹੀ ਸਨ। ਜਦੋਂ ਉਹ ਬੋਲਣ ਲਈ ਉੱਠੇ ਤਾਂ ਉਹਨਾਂ ਕਿਹਾ, ‘‘ਮੈਂ ਸੇਵਾਦਾਰ ਹਾਂ, ਮੈਂ ਤਾਂ ਸਾਹਿਤ ਸਭਾ ਦੀ ਸੇਵਾ ਕਰਦਾ ਹਾਂ। ਇਹ ਮਰਾਸੀ ਹੈ। ਇਸ ਨੇ ਮਜ਼ਾਕ ਕਰਨਾ ਹੀ ਸੀ। ਇਹਨਾਂ ਮਰਾਸੀਆਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਤੱਕ ਨੂੰ ਨਹੀਂ ਬਖ਼ਸ਼ਿਆ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਥੋਂ ਤੱਕ ਕਿਹਾ :
ਸੁਣੋ ਰਾਜਾ ਰਣਜੀਤ ਸਿੰਘ ਤੁਸੀਂ ਅੱਖੋਂ ਕਾਣੇ।
ਤੁਹਾਡੀ ਇੱਕ ਅੱਖ ਹੈ ਕੁਲ ਦੁਨੀਆਂ ਜਾਣੇ।
ਤੁਹਾਡੀ ਇੱਕੋ ਅੱਖ ਹੈ ਉਹ ਬੱਲੇ ਬੱਲੇ।
ਸਾਰੀ ਖ਼ਲਕਤ ਵੱਸਦੀ ਇਸ ਨਦਰ ਦੇ ਥੱਲੇ।
ਦੀਵਾਨ ਸਿੰਘ ਉੱਘੇ ਸ਼ਾਇਰ ਸਨ। ਉਹ 1975 ਤੋਂ 1981 ਈ: ਤੱਕ ਛੇ ਸਾਲ ਲਗਾਤਾਰ ਕਵੀ ਦਰਬਾਰ ਸਭਾ ਤੇ ਸਾਹਿਤ ਸਭਾ ਦੇ ਪ੍ਰਧਾਨ ਰਹੇ। ਉਹਨਾਂ ਵਿਆਹ-ਸ਼ਾਦੀਆਂ ਤੇ ਸਿਹਰੇ, ਸਿਖਿਆਵਾਂ ਬੇਅੰਤ ਪੜ੍ਹੀਆਂ। ਜਦੋਂ ਉਹ ਸਿਹਰਾ ਲਿਖਦੇ ਸਨ ਤਾਂ ਆਰੰਭ ਵਿੱਚ ਬ੍ਰਹਮ-ਗਿਆਨੀ ਭਾਈ ਜਗਤਾ ਰਾਮ ਜੀ ਦੀ ਉਪਮਾ ਕਰਦੇ ਸਨ। ਪਹਿਲਾਂ ਸਿਹਰੇ/ਸਿਖਿਆਵਾਂ ਪੜ੍ਹਨ ਦਾ ਰਿਵਾਜ ਸੀ। ਅੱਜ-ਕੱਲ੍ਹ ਤਾਂ ਇਹ ਰਿਵਾਜ ਬਿਲਕੁਲ ਹੀ ਖ਼ਤਮ ਹੋ ਗਿਆ ਹੈ। ਉਹਨਾਂ ਦੇ ਉਸਤਾਦ ਮਾਸਟਰ ਨੱਥਾ ਸਿੰਘ ਸਨ। ਜਿਨ੍ਹਾਂ ਨੇ ਉਹਨਾਂ ਦੀ ਕਿਤਾਬ ਨੂੰ ਵੇਖ ਕੇ ਪੁਸਤਕ ਦਾ ਨਾਂ ‘ਪਹਿਲੀ ਉਮੰਗ’ ਰੱਖਿਆ। ਇਸ ਪੁਸਤਕ ਵਿੱਚ 40 ਰਚਨਾਵਾਂ ਸਨ। ਇਸ ਪੁਸਤਕ ਦੀ ਕੋਈ ਵੀ ਕਾਪੀ ਉਹਨਾਂ ਕੋਲ ਨਹੀਂ ਸੀ। ਇੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਪੁਸਤਕ ਧੜਾ-ਧੜ ਖ਼ਤਮ ਹੋ ਗਈ ਸੀ। ਉਹਨਾਂ ਦੀ ਇੱਕੋ ਹੀ ਪੁਸਤਕ ਛਪੀ। ਉਹਨਾਂ ਦੀਆਂ ਕਵਿਤਾਵਾਂ, ਰਚਨਾਵਾਂ ਗੋਨਿਆਣਾ ਭਾਈ ਜਗਤਾ (ਬਠਿੰਡਾ) ਤੋਂ ਛਪਦੇ ‘ਭਾਈ ਕਨੱਈਆ ਸੇਵਾ ਜੋਤੀ’ ਤੇ ਹੋਰ ਕਈ ਮੈਗਜ਼ੀਨਾਂ ਵਿੱਚ ਛਪੀਆਂ ਸਨ। ਉਹਨਾਂ ਸਿੱਖ ਧਰਮ ਤੇ ਸਾਹਿਤ ਨਾਲ ਸੰਬੰਧਿਤ ਅਨੇਕਾਂ ਰਚਨਾਵਾਂ ਲਿਖੀਆਂ। ਉਹਨਾਂ ਨੂੰ ਕਵਿਤਾਵਾਂ, ਰਚਨਾਵਾਂ, ਦੋਹਰੇ ਅਣਗਿਣਤ ਯਾਦ ਸਨ। ਉਹਨਾਂ ਨੂੰ ਸ਼ੇਅਰੋ-ਸ਼ਾਇਰੀ ਦਾ ਬਹੁਤ ਸ਼ੌਕ ਸੀ।
1965 ਵਿੱਚ ਦੀਵਾਨ ਸਿੰਘ ਨੇ ਹਰਭਜਨ ਸਿੰਘ ਵਣ ਵਾਲੇ ਦੇ ਹਕੀਮ ਪਾਸੋਂ ਦੇਸੀ ਦਵਾਈਆਂ ਦੇਣ ਤੇ ਜੰਤਰੀਆਂ ਵੇਖਣ ਦਾ ਕੰਮ ਸਿੱਖਿਆ। ਜੇ ਇਹ ਕਹਿ ਲਿਆ ਜਾਵੇ ਕਿ ਉਹਨਾਂ ਨੂੰ ਦੇਸੀ ਦਵਾਈਆਂ ਬਣਾਉਣ ਤੇ ਜੰਤਰੀਆਂ ਵੇਖ ਕੇ ਗੁਰ ਦੱਸਣ ਵਾਲੇ ਉਸਤਾਦ ਹਰਭਜਨ ਸਿੰਘ ਵਣ ਵਾਲੇ ਸਨ ਤਾਂ ਕੋਈ ਅਤਿਕਥਨੀ ਨਹੀਂ।
ਦੀਵਾਨ ਸਿੰਘ ਲੋਕਾਂ ਦੇ ਦੁੱਖ ਬੜੇ ਪਿਆਰ ਨਾਲ ਸੁਣਦੇ ਸਨ। ਜੇਕਰ ਕਿਸੇ ਦੇ ਘਰ ਮੱਝ ਦੁੱਧ ਨਹੀਂ ਸੀ ਦਿੰਦੀ, ਕਾਰੋਬਾਰ ਵਿੱਚ ਵਾਧਾ ਨਹੀਂ ਸੀ ਹੁੰਦਾ, ਖੇਤੀਬਾੜੀ ਵਿੱਚ ਚੰਗੀ ਫਸਲ ਨਹੀਂ ਸੀ ਹੁੰਦੀ, ਗੋਡਿਆਂ ਦਾ ਦਰਦ, ਬਵਾਸੀਰ, ਲਕੋਰੀਆ, ਸ਼ੂਗਰ, ਭਾਰ ਪੈਣਾ, ਜਲਣ, ਗੈਸ, ਕਬਜ਼ ਆਦਿ ਬਿਮਾਰੀਆਂ ਦਾ ਇਲਾਜ ਦੇਸੀ ਦਵਾਈਆਂ ਰਾਹੀਂ ਕਰਦੇ ਸਨ। ਉਹ ਦੰਦਾਂ ਦਾ ਮੰਜਣ ਬਿਲਕੁਲ ਮੁਫ਼ਤ ਦਿੰਦੇ ਸਨ। ਬਾਕੀ ਦਵਾਈਆਂ ਤੇ ਵੀ ਲਾਗਤ ਮਾਤਰ ਹੀ ਸੇਵਾ ਲੈਂਦੇ ਸਨ।
ਜੇਕਰ ਕਿਸੇ ਦਾ ਮਾਲ-ਪਸ਼ੂ ਦਾ ਨੁਕਸਾਨ ਹੁੰਦਾ, ਸੁੱਤੀ ਜਾਗਦੀ ਧਰਤੀ ਬਾਰੇ, ਖੇਤ ਵਾਸਤੇ ਬੀਜ, ਦੁੱਖ-ਸੁੱਖ ਵਾਸਤੇ, ਸੰਜੋਗ ਨਾ ਹੋਣ ਬਾਰੇ, ਕੁੱਖ ਬੰਨ੍ਹੀ ਦਾ ਇਲਾਜ, ਕਲ-ਕਲੇਸ਼, ਕੇਸ ਚੱਲਣ ਬਾਰੇ ਜੰਤਰੀਆਂ ਵੇਖ ਕੇ ਗੁਰੂ ਘਰ ਦੀ ਸੇਵਾ ਕਰਨ, ਦਾਨ ਕਰਨ ਬਾਰੇ ਹੀ ਕਹਿੰਦੇ ਸਨ। ਉਹ ਕੋਈ ਧਾਗੇ, ਤਵੀਤ ਨਹੀਂ ਬਣਾਉਂਦੇ ਸਨ। ਉਹਨਾਂ ਲੱਖਾਂ ਹੀ ਲੋਕਾਂ ਦੀ ਸੇਵਾ ਕੀਤੀ। ਲੋਕ ਉਹਨਾਂ ਨੂੰ ‘ਬਾਬਾ ਜੀ’ ਕਹਿ ਕੇ ਬੁਲਾਉਂਦੇ ਸਨ। ਉਹਨਾਂ ਲੋਕ-ਭਲਾਈ ਦੇ ਕੰਮਾਂ ਦੇ ਨਾਲ-ਨਾਲ ਸਾਹਿਤਕ ਸਭਾਵਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਦੀਵਾਨ ਸਿੰਘ ਮੱਕੜ ਨੂੰ ਸਿਹਰੇ, ਸਿਖਿਆਵਾਂ ਲਿਖਣ, ਪੜ੍ਹਨ ਤੇ ਅਹਿਮਦਾਬਾਦ, ਗੰਗਾ ਨਗਰ, ਜਗਰਾਉਂ, ਲੁਧਿਆਣਾ, ਦਿੱਲੀ ਤੇ ਹੋਰ ਕਈ ਸ਼ਹਿਰਾਂ/ਨਗਰਾਂ ਵਿੱਚ ਗੁਰਬਾਣੀ ਦੇ ਸਟੀਕ, ਹਾਰਮੋਨੀਅਮ ਤੇ ਨਕਦ ਮਾਇਆ ਨਾਲ ਸਨਮਾਨਿਤ ਕੀਤਾ।
ਦੀਵਾਨ ਸਿੰਘ ਮੱਕੜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਈਬਲ, ਰਮਾਇਣ, ਗੀਤਾ ਦਾ ਕਾਫ਼ੀ ਗੂੜ੍ਹਾ ਗਿਆਨ ਸੀ। ਸ੍ਰ: ਦੀਵਾਨ ਸਿੰਘ ਰਿਸ਼ਤੇ ਵਿੱਚ ਮੇਰੇ ਸਹੁਰਾ ਸਾਹਿਬ ਸਨ। ਜਦੋਂ ਮੈਂ ਸ਼੍ਰੀ ਮੁਕਤਸਰ ਸਾਹਿਬ ਜਾਂਦਾ ਤਾਂ ਉਹ ਮੈਨੂੰ ਆਪਣੇ ਕੋਲ ਬਿਠਾ ਕੇ ਕਈ-ਕਈ ਘੰਟੇ ਆਪਣੀਆਂ ਰਚਨਾਵਾਂ ਸੁਣਾਉਂਦੇ। ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸ਼ਬਦ ਤੇ ਪ੍ਰਮੁੱਖ ਬਾਣੀਆਂ ਕੰਠ ਸਨ। ਦੀਵਾਨ ਸਿੰਘ ਮੱਕੜ 6 ਜੁਲਾਈ 2017 ਈ: ਦਿਨ ਵੀਰਵਾਰ ਨੂੰ 79 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਕਰਨੈਲ ਸਿੰਘ ਐੱਮ.ਏ.
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।
Email- karnailSinghma@gmail.com  

Related Articles

Leave a Comment