ਮਲੋਟ, (ਪ੍ਰੇਮ ਗਰਗ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਰੋਸਾ ਦੁਆਇਆ ਕਿ ਉਹ ਲੰਬੀ ਦੇ ਲੋਕਾਂ ਦੀ ਉਸੇ ਤਰੀਕੇ ਸੇਵਾ ਕਰਨਗੇ ਜਿਵੇਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਅਤੇ ਕਿਹਾ ਕਿ ਮਰਹੂਮ ਆਗੂ ਨੇ ਆਪਣੇ ਆਖਰੀ ਦਿਨਾਂ ਵਿਚ ਹਸਪਤਾਲ ਵਿਚ ਬੈਡ ’ਤੇ ਹੁੰਦਿਆਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ| ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ ’ਤੇ ਲੰਬੀ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ, ਨੇ ਕਿਹਾ ਕਿ ਅਸੀਂ ਇਸ ਚੋਣ ਨੂੰ ਆਪਣੀ ਚੋਣ ਮੰਨ ਕੇ ਲੜਨ ਲਈ ਤੁਹਾਡੇ ਧੰਨਵਾਦੀ ਹਾਂ| ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਤੁਸੀਂ ਇਸ ਗੱਲ ਤੋਂ ਗੁੱਸੇ ਵਿਚ ਸੀ 2022 ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਲਕੇ ਤੋਂ ਕਿਉਂ ਹਾਰੇ ਤੇ ਤੁਸੀਂ ਇਸ ਫੈਸਲੇ ਨੂੰ ਦਰੁੱਸਤ ਕਰਨਾ ਚਾਹੁੰਦੇ ਸੀ| ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਉਹਨਾਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ| ਉਹਨਾਂ ਕਿਹਾ ਕਿ ਮੈਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ| ਉਹਨਾਂ ਕਿਹਾ ਕਿ ਅਸਲ ਵਿਚ ਜਦੋਂ 2012 ਵਿਚ ਮੁੜ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਬਾਦਲ ਸਾਹਿਬ ਚਾਹੁੰਦੇ ਸੀ ਕਿ ਮੈਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਾਂ ਪਰ ਮੈਂ ਇਨਕਾਰ ਕਰ ਦਿੱਤਾ| ਉਹਨਾਂ ਕਿਹਾ ਕਿ ਅਜਿਹੇ ਮੌਕੇ ਬਾਅਦ ਵਿਚ ਵੀ ਆਏ ਪਰ ਮੈਂ ਸਪਸ਼ਟ ਸੀ ਕਿ ਸਿਰਫ ਬਾਦਲ ਸਾਹਿਬ ਹੀ ਸਾਡੀ ਅਗਵਾਈ ਕਰਨ|
ਸੂਬੇ ਵਿਚ ਅਕਾਲੀ ਦਲ ਦੀ ਹਾਰ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡੇ ਸੂਬੇ ਵਾਸਤੇ ਕੀ ਸਹੀ ਹੈ| ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ| ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬੀਆਂ ਦੀਆਂ ਆਸਾਂ ਨੂੰ ਪੂਰਾ ਕਰ ਸਕਦਾ ਹੈ| ਬਠਿੰਡਾ ਦੇ ਐਮਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ’ਤੇ ਵਿਸ਼ਵਾਸ ਪ੍ਰਗਟ ਕਰਨ ਵਾਸਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਉਹਨਾਂ ਦੀ ਜਿੱਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੈ| ਉਹਨਾਂ ਕਿਹਾ ਕਿ ਲੰਬੀ, ਜਿਥੇ ਹਰ ਪਿੰਡ ਵਿਚ ਅਕਾਲੀ ਦਲ ਦੀ ਜਿੱਤ ਹੋਈ, ਦੇ ਲੋਕਾਂ ਨੇ ਉਹਨਾਂ ਨੂੰ ਠੋਕਵਾਂ ਜਵਾਬ ਦੇ ਦਿੱਤਾ ਹੈ ਜੋ ਬਾਦਲ ਸਾਹਿਬ ਦੀ ਵਿਰਾਸਤ ਖਰਾਬ ਕਰਨਾ ਚਾਹੁੰਦੇ ਹਨ| ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਇਸ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਵੋਟ ਦਰ ਵਿਚ 10 ਫੀਸਦੀ ਦਾ ਵਾਧਾ ਹੋਇਆ ਹੈ ਤੇ ਉਹ ਪੰਜ ਵਿਧਾਨ ਸਭਾ ਹਲਕਿਆਂ ਵਿਚ ਜਿੱਤੇ ਹਨ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਵਿਚ ਤੀਜੇ ਨੰਬਰ ’ਤੇ ਅਤੇ ਸਾਰੇ 9 ਹਲਕਿਆਂ ਵਿਚ ਕਾਂਗਰਸ ਆਖਰੀ ਨੰਬਰ ’ਤੇ ਆਈ ਹੈ|ਸਰਦਾਰਨੀ ਬਾਦਲ ਹੀ ਇਕੱਲੇ ਉਮੀਦਵਾਰ ਹਨ ਜੋ ਸੂਬੇ ਵਿਚ ਚੌਥੀ ਵਾਰ ਲੋਕ ਸਭਾ ਚੋਣਾਂ ਜਿੱਤੇ ਹਨ| ਉਹਨਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਕੱਲੇ ਲੰਬੀ ਹਲਕੇ ਵਿਚ 34 ਹਜ਼ਾਰ ਵੋਟਾਂ ਮਿਲੀਆਂ ਹਨ| ਉਹਨਾਂ ਦੇ ਵਿਰੋਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣਾਂ ਵਿਚ ਆਪਣੇ ਹੀ ਪਿੰਡ ਵਿਚ ਹਾਰ ਗਏ ਹਨ|
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਪਾਰਟੀ ਇਕ ਦੂਜੇ ਨਾਲ ਰਲ ਗਏ ਸਨ ਤੇ ਭਾਜਪਾ ਵੀ ਉਹਨਾਂ ਦੇ ਨਾਲ ਰਲ ਗਈ ਸੀ| ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਅਕਾਲੀ ਦਲ ਨੂੰ ਤਬਾਹ ਕਰਨਾ ਚਾਹੁੰਦੀਆਂ ਹਨ ਕਿਉਂਕਿ ਉਹ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਤੇ ਰਾਜਧਾਨੀ ਸ਼ਹਿਰ ਖੋਹਣਾ ਚਾਹੁੰਦੇ ਹਨ| ਉਹਨਾਂ ਕਿਹਾ ਕਿ ਅਕਾਲੀ ਦਲ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੁਆਉਣ ਵਾਸਤੇ ਕਿਸਾਨਾਂ ਲਈ ਸੰਘਰਸ਼ ਕਰਦੇ ਰਹਿਣ ਲਈ ਵਚਨਬੱਧ ਹੈ| ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦੀ ਚੋਣਾਂ ਵਿਚ ਆਪ ਦੀ ਵੱਡੀ ਹਾਰ ਕਾਰਨ ਸੂਬਾ ਚਲਾਉਣ ਦਾ ਅਧਿਕਾਰ ਗੁਆ ਲਿਆ ਹੈ, ਇਸ ਲਈ ਉਹਨਾਂ ਨੂੰ ਤੁਰੰਤ ਅਸਤੀਫਾ ਦਣਾ ਚਾਹੀਦਾ ਹੈ| ਚੰਡੀਗੜ• ਹਵਾਈ ਅੱਡੇ ’ਤੇ ਕੱਲ• ਮੰਡੀ ਦੇ ਐਮਪੀ ਕੰਗਣਾ ਰਣੌਤ ਨਾਲ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਵੱਲੋਂ ਕਿਸਾਨ ਅੰਦੋਲਨ ਵਿਚ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ ਲਈ ਚਪੇੜ ਮਾਰਨ ਦੇ ਮਾਮਲੇ ਦੀ ਗੱਲ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੇ ਬਿਆਨ ਵਿਚ ਸੰਜਮ ਰੱਖਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਘਟਨਾ ਤੋਂ ਬਾਅਦ ਵੀ ਮੰਡੀ ਦੇ ਐਮਪੀ ਨੇ ਨਫਰਤ ਤੇ ਵੰਡ ਪਾਊ ਰਾਜਨੀਤੀ ਕਰਨ ਦਾ ਯਤਨ ਕੀਤਾ| ਸਰਦਾਰਨੀ ਬਾਦਲ ਨੇ ਬੁਢਲਾਡਾ, ਬਠਿੰਡਾ ਦਿਹਾਤੀ ਤੇ ਬਠਿੰਡਾ ਸ਼ਹਿਰੀ ਹਲਕਿਆਂ ਵਿਚ ਵੀ ਧੰਨਵਾਦੀ ਦੌਰਿਆਂ ਵਿਚ ਸ਼ਮੂਲੀਅਤ ਕੀਤੀ|