Home » ਭਰੋਸਾ ਪ੍ਰਗਟਾਉਣ ਵਾਲੇ ਲੱਖਾਂ ਲੋਕਾਂ ਦੇ ਸੁਪਨਿਆਂ ਨੂੰ ਟੁੱਟਣ ਨਹੀਂ ਦੇਵਾਂਗਾ – ਸੰਧੂ ਸਮੁੰਦਰੀ

ਭਰੋਸਾ ਪ੍ਰਗਟਾਉਣ ਵਾਲੇ ਲੱਖਾਂ ਲੋਕਾਂ ਦੇ ਸੁਪਨਿਆਂ ਨੂੰ ਟੁੱਟਣ ਨਹੀਂ ਦੇਵਾਂਗਾ – ਸੰਧੂ ਸਮੁੰਦਰੀ

ਮੈਂ ਅੰਮ੍ਰਿਤਸਰ ਦੀ ਸੇਵਾ ਕਰਨ ਆਇਆ ਹਾਂ, ਮੇਵਾ ਲੁੱਟਣ ਨਹੀਂ - ਸੰਧੂ ਸਮੁੰਦਰੀ

by Rakha Prabh
44 views

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਦੋ ਲੱਖ ਤੋਂ ਵੱਧ ਵੋਟਰਾਂ ਨੇ ਭਾਜਪਾ ਵਿੱਚ ਆਪਣਾ ਵਿਸ਼ਵਾਸ ਜਤਾਇਆ ਹੈ, ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਟੁੱਟਣ ਨਹੀਂ ਦੇਵਾਂਗੇ। ਸੰਧੂ ਸਮੁੰਦਰੀ ਅੱਜ ਭਾਜਪਾ ਵਰਕਰਾਂ, ਸਮਰਥਕਾਂ ਅਤੇ ਵੋਟਰਾਂ ਪ੍ਰਤੀ ਧੰਨਵਾਦੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਵਰਕਰਾਂ ਵਿੱਚ ਅੱਜ ਵੀ ਪੂਰਾ ਜੋਸ਼ ਅਤੇ ਉਤਸ਼ਾਹ ਦੇਖਿਆ ਗਿਆ। ਸਿਆਸਤ ਦੀ ਇਸ ਪਹਿਲੀ ਪਾਰੀ ਵਿੱਚ ਹੀ ਸੰਧੂ ਸਮੁੰਦਰੀ ਦੀ ਸ਼ਖ਼ਸੀਅਤ ਪੂਰੀ ਤਰ੍ਹਾਂ ਮਜ਼ਬੂਤ ਨਜ਼ਰ ਆਈ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਜਿੱਤ ਦੇ ਬਹੁਤ ਨੇੜੇ ਸੀ। ਮੈਂ ਭਾਜਪਾ ਦੀ ਕੇਂਦਰੀ ਹਾਈਕਮਾਂਡ ਨੂੰ ਜ਼ਰੂਰ ਦੱਸਾਂਗਾ ਕਿ ਸਾਡੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਅਤੇ ਅੰਮ੍ਰਿਤਸਰ ਵਿੱਚ ਭਾਜਪਾ ਦੀ ਵੋਟ 23 ਫ਼ੀਸਦੀ ਤੱਕ ਪਹੁੰਚਾਈ।  ਅਤਿ ਦੀ ਗਰਮੀ ਵਿੱਚ ਜਿਸ ਜਜ਼ਬੇ ਅਤੇ ਜਨੂਨ ਨਾਲ ਭਾਜਪਾ ਪਰਿਵਾਰ ਦੇ ਹਰ ਮੈਂਬਰ ਨੇ ਮਿਹਨਤ ਕੀਤੀ ਹੈ ਉਹ ਕਾਬਲੇ ਤਾਰੀਫ਼ ਹੈ ਅਤੇ ਇਸ ਲਈ ਹਰ ਸ਼ਖ਼ਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ। ਇਹਨਾਂ ਚੋਣਾਂ ਵਿੱਚ ਹਲਕਾ ਵਾਸੀਆਂ ਨੂੰ ਅਸੀਂ ਉਨ੍ਹਾਂ ਦੇ ਹੱਕਾਂ ਅਤੇ ਮੁੱਦਿਆਂ ਪ੍ਰਤੀ ਜਾਗਰੂਕ ਕਰ ਪਾਏ ਇਹ ਵੀ ਘੱਟ ਨਹੀਂ। ਜਿਨ੍ਹਾਂ ਮੁੱਦਿਆਂ ਦੇ ਹੱਲ ਲਈ ਮੈਂ ਅੰਮ੍ਰਿਤਸਰ ਵਾਪਸ ਆਇਆ ਹਾਂ ਉਨ੍ਹਾਂ ਦਾ ਹੱਲ ਕਰਨ ਲਈ ਸਾਡੇ ਸਭ ਦੇ ਸਾਂਝੇ ਯਤਨ ਜਾਰੀ ਰਹਿਣਗੇ। ਅਸੀਂ ਵਿਕਸਤ ਅੰਮ੍ਰਿਤਸਰ ਬਣਾ ਕੇ ਹਟਾਂਗੇ। ਇਹਨਾਂ ਚੋਣਾਂ ਵਿੱਚ ਭਾਜਪਾ ਲਈ ਮਿਹਨਤ ਕਰਨ ਵਾਲੇ ਹਰ ਵਰਕਰ ਅਤੇ ਸਮਰਥਕ ਦਾ ਸਦਾ ਰਿਣੀ ਹਾਂ। ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਆਪ ਸਭ ਲਈ ਖੁੱਲ੍ਹੇ ਹਨ ਤੇ ਮੈਂ ਆਪ ਸਭ ਦੀ ਸੇਵਾ ‘ਚ ਹਮੇਸ਼ਾ ਹਾਜ਼ਰ ਹਾਂ।
ਪ੍ਰੋ. ਸਰਚਾਂਦ ਸਿੰਘ ਖਿਆਲਾ ਵੱਲੋਂ ਦਿੱਤੀ ਜਾਣਕਾਰੀ ’ਚ ਸੰਧੂ ਸਮੁੰਦਰੀ ਨੇ ਕਿਹਾ ਕਿ ਇਸ ਵਾਰ ਨਤੀਜਾ ਬਿਲਕੁਲ ਸਾਫ਼ ਰਿਹਾ ਹੈ। ਕਿਸੇ ਨੂੰ ਵੀ ਕਿਸੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ, ਨਤੀਜਿਆਂ ਦੇ ਅਨੁਸਾਰ ਅਸੀਂ ਅੱਗੇ ਦੀ ਤਿਆਰੀ ਕਰਾਂਗੇ ਅਤੇ 2027 ਵਿੱਚ ਇੱਕ ਵੱਡੀ ਤਬਦੀਲੀ ਲਿਆਵਾਂਗੇ। ਸਾਡੇ ਸਾਹਮਣੇ ਕਈ ਚੁਨੌਤੀਆਂ ਹਨ ਪਰ ਅਸੀਂ ਅੰਮ੍ਰਿਤਸਰ ਦੇ ਵਿਕਾਸ ਲਈ ਇੱਕਜੁੱਟ ਹਾਂ। ਸਾਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ, 2027 ਵਿੱਚ ਸਾਨੂੰ ਪੰਜਾਬ ਵਿੱਚ ਜਿੱਤ ਦਾ ਮੌਕਾ ਜ਼ਰੂਰ ਮਿਲੇਗਾ।
ਅੰਮ੍ਰਿਤਸਰ ਪ੍ਰਤੀ ਆਪਣੀ ਵਚਨਬੱਧਤਾ ‘ਤੇ ਪੂਰੀ ਤਰ੍ਹਾਂ ਦ੍ਰਿੜ੍ਹ ਨਜ਼ਰ ਆਏ ਸੰਧੂ ਸਮੁੰਦਰੀ ਨੇ ਕਿਹਾ ਕਿ ਸਮੁੰਦਰੀ ਪਰਿਵਾਰ ਦੇ ਸੰਧੂ ਇੱਥੇ ਆ ਚੁਕਾ ਹੈ। ਅਸੀਂ ਵਿਕਾਸ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਾਂਗੇ। ਉਨ੍ਹਾਂ ਆਪਣੇ ਵਿਰੋਧੀਆਂ ਨੂੰ ਵੀ ਸੰਬੋਧਨ ਹੁੰਦਿਆਂ ਕਿਹਾ ਕਿ ਜਿਹੜੇ ਲੋਕ ਇਸ ਭੁਲੇਖੇ ਵਿੱਚ ਹਨ ਕਿ ਸੰਧੂ ਚੋਣਾਂ ਤੋਂ ਬਾਅਦ ਭੱਜ ਜਾਵੇਗਾ, ਉਹ ਸੁਣ ਲੈਣ, ਮੈਂ ਇੱਥੋਂ ਨਹੀਂ ਭੱਜਾਂਗਾ। ਉਨ੍ਹਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਮੇਰੇ ਪਰਿਵਾਰ ਨੇ ਇਸ ਇਲਾਕੇ ਦੀ ਸੇਵਾ ਕੀਤੀ, ਮੈਂ ਵੀ ਸੇਵਾ ਕਰਨ ਆਇਆ ਹਾਂ, ਮੇਵਾ ਲੁੱਟਣ ਲਈ ਨਹੀਂ। ਮੈਂ ਭਾਜਪਾ ਵਰਕਰਾਂ ਅਤੇ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹਾ ਹਾਂ, ਜਿਨ੍ਹਾਂ ਨੇ ਮੈਨੂੰ 2 ਲੱਖ ਤੋਂ ਵੱਧ ਵੋਟਾਂ ਦਿੱਤੀਆਂ ਹਨ। ਮੈਂ ਐੱਮ ਪੀ ਸਾਹਿਬ ਅਤੇ ਸੂਬਾ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਅੰਮ੍ਰਿਤਸਰ ਦੀ ਅਮਨ-ਕਾਨੂੰਨ, ਨਸ਼ਾ, ਰੁਜ਼ਗਾਰ, ਸਫ਼ਾਈ, ਸੀਵਰੇਜ, ਵਿਕਾਸ ਅਤੇ ਖੇਤੀਬਾੜੀ ਅਤੇ ਉਦਯੋਗ ਆਦਿ ਆਮਦਨੀ ਦੇ ਸਾਧਨਾਂ ‘ਤੇ ਡੂੰਘੀ ਨਜ਼ਰ ਰੱਖਾਂਗੇ । ਜਦੋਂ ਤੱਕ ਇਹ ਮਸਲੇ ਪੂਰੀ ਤਰ੍ਹਾਂ ਹੱਲ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ ਅਤੇ ਨਾ ਹੀ ਤੁਹਾਨੂੰ ਚੈਨ ਨਾਲ ਬੈਠਣ ਦੇਵਾਂਗੇ।
ਸੰਧੂ ਸਮੁੰਦਰੀ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜੋ ਵਿਜ਼ਨ ਡਾਕੂਮੈਂਟ ਲੋਕਾਂ ਸਾਹਮਣੇ ਰੱਖਿਆ ਗਿਆ ਸੀ, ਉਸ ਨੂੰ ਹਰ ਕੀਮਤ ‘ਤੇ ਹਾਸਲ ਕੀਤਾ ਜਾਵੇਗਾ।  ਉਨ੍ਹਾਂ ਕੇਂਦਰ ’ਚ ਮੋਦੀ ਸਰਕਾਰ ਦੇ ਲਗਾਤਾਰ ਤੀਜੇ ਕਾਰਜਕਾਲ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਅਤੇ ਸਮਾਜ ਲਈ ਬਹੁਤ ਕੁਝ ਕੀਤਾ ਹੈ, ਪਰ ਅਸੀਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਸਾਹਮਣੇ ਪੇਸ਼ ਨਹੀਂ ਕਰ ਸਕੇ। ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਉਨ੍ਹਾਂ ਕਿਹਾ ਕਿ ਸਾਡੀ ਚੋਣ ਮੁਹਿੰਮ ਵਿਚ ਰਹੀਆਂ ਕਮੀਆਂ ਬਾਰੇ ਮੰਥਨ ਕਰਨ ਅਤੇ ਇਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।  ਸੰਧੂ ਸਮੁੰਦਰੀ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਸਵਾਰਥੀ ਹਿੱਤਾਂ ਲਈ ਸਾਡਾ ਪਿੰਡਾਂ ਵਿੱਚ ਜਾਣ ’ਤੇ ਵਿਰੋਧ ਕੀਤਾ। ਉਨ੍ਹਾਂ ਵਰਕਰਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਸਾਨੂੰ ਸਫ਼ਲਤਾ ਨਹੀਂ ਮਿਲੀ, ਅਸੀਂ ਉਹ ਢੰਗ ਤਰੀਕੇ ਅਪਣਾਵਾਂਗੇ ਜਿਨ੍ਹਾਂ ਰਾਹੀਂ ਸਾਨੂੰ ਹੋਰਨਾਂ ਵਿਧਾਨ ਸਭਾ ਹਲਕਿਆਂ ਵਿੱਚ ਸਫ਼ਲਤਾ ਮਿਲੀ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਵਿਕਸਤ ਬਣਾਉਣ ਦੇ ਮੰਤਵ ਨਾਲ ਅਮਰੀਕੀ ਪ੍ਰਵਾਸੀ ਭਾਈਚਾਰੇ ਵੱਲੋਂ ਭੇਜੇ 850 ਕਰੋੜ ਰੁਪਏ ਦੇ ਫੰਡਾ ਦੀ ਵਰਤੋਂ ਅਸੀਂ ਸ਼ਹਿਰ ’ਚ ਸਟਾਰਟਅੱਪ, ਨਸ਼ਾ ਮੁਕਤੀ ਅਤੇ ਸਫ਼ਾਈ ਮੁਹਿੰਮ ਸ਼ੁਰੂ ਕਰਨ ਲਈ ਕਰਾਂਗੇ, ਜਿੱਥੇ ਸਰਕਾਰ ਮਦਦ ਨਹੀਂ ਕਰੇਗੀ, ਅਸੀਂ ਮਦਦ ਕਰਾਂਗੇ। ਇਸ ਮੌਕੇ ਸਮੂਹ ਹਲਕਾ ਇੰਚਾਰਜ, ਮੰਡਲ ਪ੍ਰਧਾਨ, ਅਹੁਦੇਦਾਰ ਅਤੇ ਸਰਗਰਮ ਵਰਕਰ ਹਾਜ਼ਰ ਸਨ।

Related Articles

Leave a Comment