ਜਲੰਧਰ : ਪੁਰਾਣੇ ਜ਼ਮਾਨੇ ਦੀ ਔਰਤ ਦੇ ਮੁਕਾਬਲੇ ਆਧੁਨਿਕ ਸਮਾਜ ਦੀ ਔਰਤ ਸਮਾਜ ਦੀਆਂ ਕਈ ਬੁਲੰਦੀਆਂ ਨੂੰ ਸਰ ਕਰ ਰਹੀ ਹੈ। ਅੱਜ ਦੀ ਔਰਤ ਹਰ ਕੰਮ ’ਚ ਮਰਦ ਦੀ ਬਰਾਬਰੀ ਕਰ ਰਹੀ ਹੈ। ਪੁਰਾਣੇ ਜ਼ਮਾਨੇ ’ਚ ਜਿੱਥੇ ਔਰਤ ਦਾ ਰਾਤ ਸਮੇਂ ਘਰੋਂ ਨਿਕਲਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਸੀ, ਉੱਥੇ ਅੱਜ ਦੀਆਂ ਔਰਤਾਂ ਦੇਸ਼ ਵਿਚ ਕਈ ਵਪਾਰਕ ਸੰਸਥਾਵਾਂ ’ਚ ਰਾਤ ਦੀ ਡਿਊਟੀ ਵੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਰਾਤ ਸਮੇਂ ਕੁਝ ਬਹਾਦਰ ਔਰਤਾਂ ਘਰੇਲੂ ਮਜਬੂਰੀਆਂ ਨੂੰ ਲੈ ਕੇ ਵਾਹਨ ਵੀ ਚਲਾ ਰਹੀਆਂ ਹਨ। ਜਿਸ ਦੀ ਜਿਊਂਦੀ ਜਾਗਦੀ ਮਿਸਾਲ ਬਠਿੰਡਾ ਵਾਸੀ ਪੁਸ਼ਪਾ ਰਾਣੀ ਪਤਨੀ ਸੱਤਪਾਲ ਹੈ। 12 ਸਾਲ ਪਹਿਲਾਂ ਉਸ ਨੇ ਜਾਗਰਣ ਗਰੁੱਪ ਤੋਂ ਵੱਖ-ਵੱਖ ਸ਼ਹਿਰਾਂ ’ਚ ਅਖ਼ਬਾਰਾਂ ਦੀ ਸਪਲਾਈ ਕਰਨ ਦਾ ਕੰਮ ਸ਼ੁਰੂ ਕੀਤਾ ਸੀ, ਜੋ ਅੱਜ ਵੀ ਨਿਰੰਤਰ ਜਾਰੀ ਹੈ।
ਗੱਲਬਾਤ ਕਰਦਿਆਂ ਪੁਸ਼ਪਾ ਰਾਣੀ ਨੇ ਦੱਸਿਆ ਕਿ ਉਹ ਇਸ ਸਮੇਂ ਜਲੰਧਰ ਤੋਂ ਲਗਪਗ ਅੱਧੇ ਪੰਜਾਬ ’ਚ ਅਖ਼ਬਾਰਾਂ ਦੀ ਸਪਲਾਈ ਕਰਦੀ ਹੈ ਤੇ ਰਾਤ ਸਮੇਂ ਖ਼ੁਦ ਗੱਡੀ ਚਲਾਉਂਦੀ ਹੈ। ਉਹ ਪ੍ਰੈੱਸ ਤੋਂ ਖ਼ੁਦ ਅਖ਼ਬਾਰ ਲੋਡ ਕਰਦੀ ਹੈ ਅਤੇ ਵੱਖ-ਵੱਖ ਸਟੇਸ਼ਨਾਂ ’ਤੇ ਖ਼ੁਦ ਹੀ ਅਖ਼ਬਾਰ ਉਤਾਰਦੀ ਹੈ।
ਉਸ ਨੇ ਦੱਸਿਆ ਕਿ ਪਹਿਲਾਂ ਉਹ ਰੇਹੜੀ ਲਾ ਕੇ ਪਰੌਂਠੇ ਬਣਾ ਕੇ ਵੇਚਦੀ ਹੁੰਦੀ ਸੀ। ਜਾਗਰਣ ਗਰੁੱਪ ਦੇ ਉਸ ਸਮੇਂ ਦੇ ਇਕ ਵੱਡੇ ਅਧਿਕਾਰੀ ਦੀ ਪ੍ਰੇਰਨਾ ਸਦਕਾ ਉਸ ਨੇ ਇਸੇ ਗਰੁੱਪ ਤੋਂ ਅਖ਼ਬਾਰਾਂ ਦੀ ਸਪਲਾਈ ਦੇਣੀ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ ਕਿ ਇੱਥੋਂ ਹੀ ਮਿਹਨਤ ਕਰ ਕੇ ਉਸ ਨੇ ਆਪਣਾ ਪਰਿਵਾਰ ਪਾਲਿਆ ਹੈ। ਉਸਦਾ ਪਤੀ ਹਲਵਾਈ ਦਾ ਕੰਮ ਕਰਦਾ ਹੈ ਤੇ ਘਰ ਦੇ ਕੰਮਾਂ ’ਚ ਉਸਦੀ ਮਦਦ ਵੀ ਕਰਦਾ ਹੈ। ਉਸ ਨੇ ਦੱਸਿਆ ਕਿ ਸੰਨ 2018 ਵਿਚ ਉਸ ਨੂੰ ਮਹਿਲਾ ਦਿਵਸ ਮੌਕੇ ਉਸ ਸਮੇਂ ਦੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਆਈਏਐੱਸ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।
ਰਾਤ ਸਮੇਂ ਆਉਂਦੀਆਂ ਚੁਣੌਤੀਆਂ ਬਾਰੇ ਉਸ ਨੇ ਦੱਸਿਆ ਕਿ ਜਿਸ ਸਮੇਂ ਪੰਜਾਬ ’ਚ ਕਾਲਾ ਦੌਰ ਸੀ, ਉਸ ਸਮੇਂ ਵੀ ਉਹ ਇਕੱਲੀ ਹੀ ਗੱਡੀ ਲੈ ਕੇ ਜਾਂਦੀ ਰਹੀ ਹੈ ਪਰ ਉਦੋਂ ਕੋਈ ਪਰੇਸ਼ਾਨੀ ਨਹੀਂ ਆਈ ਪਰ ਹੁਣ ਰਾਤ ਸਮੇਂ ਮਾਹੌਲ ਠੀਕ ਨਹੀਂ ਹੈ। ਜੇ ਰਾਤ ਸਮੇਂ ਕਿਤੇ ਗੱਡੀ ਖ਼ਰਾਬ ਜਾਂ ਕੋਈ ਹੋਰ ਮੁਸ਼ਕਲ ਆ ਜਾਵੇ ਤਾਂ ਕੋਈ ਵੀ ਮਦਦ ਲਈ ਨਹੀਂ ਰੁਕਦਾ। ਸਰਕਾਰ ਨੂੰ ਅਜਿਹੇ ਲੋੜਵੰਦਾਂ ਲਈ ਲੁੜੀਂਦੇ ਕਦਮ ਚੁੱਕਣੇ ਚਾਹੀਦੇ ਹਨ।
ਇਕ ਬੱਚੇ ਦੀ ਹੋ ਚੁੱਕੀ ਹੈ ਮੌਤ
ਪੁਸ਼ਪਾ ਰਾਣੀ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਰਾਜੇਸ਼ ਕੁਮਾਰ, ਰਾਹੁਲ ਕੁਮਾਰ ਤੇ ਮੋਹਿਤ ਕੁਮਾਰ ਹਨ। ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਰਾਹੁਲ ਕੁਮਾਰ ਦੀ ਭਰ ਜਵਾਨੀ ’ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਨਾਲ ਉਸ ਨੂੰ ਡੂੰਘਾ ਸਦਮਾ ਲੱਗਿਆ। ਛੋਟੇ ਪੁੱਤਰ ਮੋਹਿਤ ਕੁਮਾਰ ਨੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਤੇ ਉਹ ਇਸ ਸਮੇਂ ਰੁਜ਼ਗਾਰ ਦੀ ਭਾਲ ਵਿਚ ਹੈ।