Home » ਪਸ਼ੂ ਪਾਲਣ ਵਿਭਾਗ ਨੇ ਗਊ ਧਨ ਨੂੰ ਲ਼ੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ

ਪਸ਼ੂ ਪਾਲਣ ਵਿਭਾਗ ਨੇ ਗਊ ਧਨ ਨੂੰ ਲ਼ੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ

ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਡੋਰ-ਟੂ-ਡੋਰ ਜਾ ਕੇ ਗਊ ਧਨ ਦਾ ਕੀਤਾ ਜਾਵੇਗਾ ਮੁਫ਼ਤ ਟੀਕਾਕਰਨ

by Rakha Prabh
36 views

ਸ਼ਿਵ ਸ਼ਕਤੀ ਮੰਦਿਰ ਟਰੱਸਟ ਗੋਬਿੰਦ ਗਊਧਾਮ ਗਊਸ਼ਾਲਾ ਵਿਖੇ ਗਊ ਧਨ ਦਾ ਕੀਤਾ ਟੀਕਾਕਰਨ

 

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਚੇਅਰਮੈਨ ਰਮਨ ਬਹਿਲ ਨੇ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਇਸ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਦੀ ਕੀਤੀ ਅਪੀਲ

ਗੁਰਦਾਸਪੁਰ, 26 ਫਰਵਰੀ ( ਲਵਪ੍ਰੀਤ ਸਿੰਘ ਖੁਸ਼ੀ ਪੁਰ ) –

ਪਸ਼ੂ ਪਾਲਣ ਵਿਭਾਗ ਨੇ ਗਊ ਧਨ ਨੂੰ ਲ਼ੰਪੀ ਸਕਿਨ ਬਿਮਾਰੀ (ਧੱਫੜੀ ਰੋਗ) ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਅੱਜ ਸ਼ਿਵ ਸ਼ਕਤੀ ਮੰਦਿਰ ਟਰੱਸਟ ਗੋਬਿੰਦ ਗਊਧਾਮ ਗਊਸ਼ਾਲਾ, ਪਿੰਡ ਹੱਲੇ ਚਾਹੀਆ ਤੋਂ ਕਰ ਦਿੱਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਸ਼ਿਵ ਸ਼ਕਤੀ ਮੰਦਿਰ ਟਰੱਸਟ ਗੋਬਿੰਦ ਗਊਧਾਮ ਗਊਸ਼ਾਲਾ ਦੇ ਮੈਂਬਰ ਸ਼੍ਰੀ ਬ੍ਰਿਜ ਭੂਸ਼ਨ ਗੁਪਤਾ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਤੇ ਸ਼ਹਿਰ ਦੇ ਮੁਹਤਬਰ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦ‌ਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਇਸ ਬਿਮਾਰੀ ਤੋਂ ਬਚਾਅ ਦੇ ਲਈ 1,80,000 ਖ਼ੁਰਾਕਾਂ ਪਸ਼ੂ ਪਾਲਣ ਵਿਭਾਗ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਹ ਟੀਕੇ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਬਿਲਕੁਲ ਮੁਫ਼ਤ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਲੰਪੀ ਸਕਿਨ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਟੀਕਾਕਰਨ ਵਿੱਚ ਵਿਭਾਗ ਦੀਆਂ ਟੀਮਾਂ ਦਾ ਪੂਰਾ ਸਹਿਯੋਗ ਕਰਨ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਹਰ ਖੇਤਰ ਦੀ ਬਿਹਤਰੀ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਗੋਕਾ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਜੋ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਇਸ ਨਾਲ ਪਸ਼ੂ ਧੰਨ ਬਿਮਾਰੀ ਤੋਂ ਬਚ ਸਕੇਗਾ। ਉਨ੍ਹਾਂ ਪਸ਼ੂ ਪਾਲਣ ਵਿਭਾਗ ਨੇ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਸ਼ਿਵ ਸ਼ਕਤੀ ਮੰਦਿਰ ਟਰੱਸਟ ਗੋਬਿੰਦ ਗਊਧਾਮ ਗਊਸ਼ਾਲਾ ਤੋਂ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਦੀ ਸਮੁੱਚੀ ਟੀਮ ਦੇ ਧੰਨਵਾਦੀ ਹਨ।

ਡਾ. ਸ਼ਾਮ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਪਸ਼ੂ ਸੰਸਥਾਵਾਂ ਤੱਕ ਲੰਪੀ ਸਕਿਨ ਦੀ ਵੈਕਸੀਨ ਕੋਲਡ ਚੇਨ ਦਾ ਧਿਆਨ ਰੱਖਦੇ ਹੋਏ ਪਹੁੰਚਾ ਦਿੱਤੀ ਗਈ ਹੈ ਅਤੇ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਮੂਹ ਵੈਟਰਨਰੀ ਸਟਾਫ਼ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਟੀਕਾਕਰਨ ਦੀ ਸਫਲਤਾ ਲਈ ਜ਼ਿਲ੍ਹੇ ਦੇ ਸਾਰੇ ਪਸ਼ੂਆਂ ਨੂੰ ਮਲ੍ਹੱਪ ਰਹਿਤ ਕਰਨ ਦੀ ਮੁਹਿੰਮ ਪਹਿਲਾਂ ਹੀ ਪੂਰੀ ਕਰ ਲਈ ਗਈ ਹੈ। ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਇਹ ਟੀਕੇ ਕੇਵਲ ਗਾਵਾਂ ਨੂੰ ਹੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਟੀਕਾਕਰਨ ਨਾਲ ਦੁੱਧ ਦੀ ਪੈਦਾਵਾਰ ‘ਤੇ ਕੋਈ ਅਸਰ ਨਹੀਂ ਪੈਂਦਾ, ਸਗੋਂ ਪਸ਼ੂ ਬਿਮਾਰੀ ਤੋਂ ਬਚ ਕੇ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਟੀਕਾਕਰਨ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਲਈ ਪਸ਼ੂ ਪਾਲਕ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।

ਡਾ. ਸ਼ਾਮ ਸਿੰਘ ਨੇ ਕਿਹਾ ਕਿ ਦੋ ਸਾਲ ਪਹਿਲਾਂ ਇਸ ਬਿਮਾਰੀ ਨਾਲ ਪਸ਼ੂ ਪਾਲਕਾਂ ਦਾ ਬਹੁਤ ਹੀ ਆਰਥਿਕ ਨੁਕਸਾਨ ਹੋਇਆ ਸੀ, ਉਸ ਤੋਂ ਬਾਅਦ ਇਹ ਟੀਕੇ ਹਰ ਸਾਲ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਇਹ ਟੀਕੇ ਆਪਣੇ ਗੋਕੇ ਪਸ਼ੂਆਂ ਨੂੰ ਜ਼ਰੂਰ ਲਗਵਾਏ ਜਾਣ ।

ਇਸ ਮੌਕੇ ਸ਼ਿਵ ਸ਼ਕਤੀ ਮੰਦਿਰ ਟਰੱਸਟ ਗੋਬਿੰਦ ਗਊਧਾਮ ਗਊਸ਼ਾਲਾ ਦੇ ਮੈਂਬਰ ਸ਼੍ਰੀ ਬ੍ਰਿਜ ਭੂਸ਼ਨ ਗੁਪਤਾ ਨੇ ਚੇਅਰਮੈਨ ਸ਼੍ਰੀ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਧੰਨਵਾਦ ਕੀਤਾ ਅਤੇ ਗਊ ਧੰਨ ਨੂੰ ਬਿਮਾਰੀਆਂ ਤੋਂ ਬਚਾਅ ਲਈ ਕੀਤੇ ਜਾਂਦੇ ਉਪਰਾਲਿਆਂ ਲਈ ਪੰਜਾਬ ਸਰਕਾਰ ਅਤੇ ਵਿਭਾਗ ਦੀ ਸ਼ਲਾਘਾ ਕੀਤੀ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਤੋਂ ਡਾ. ਹਰਪ੍ਰੀਤ ਸਿੰਘ ਢਿੱਲੋਂ ਸਹਾਇਕ ਡਾਇਰੈਕਟਰ ਗੁਰਦਾਸਪੁਰ, ਡਾ. ਜਸਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਗੁਰਦਾਸਪੁਰ, ਡਾ. ਗੁਰਦੇਵ ਸਿੰਘ, ਡਾ. ਨੀਲਮ, ਡਾ. ਜਤਿੰਦਰ ਜਯੋਤੀ, ਸ਼੍ਰੀ ਅਮਰਪ੍ਰੀਤ ਸਿੰਘ, ਸ਼੍ਰੀ ਨਵਜੋਤ ਸਿੰਘ ਅਤੇ ਹੋਰ ਸਟਾਫ਼ ਤੇ ਗਊਸ਼ਾਲਾ ਦੇ ਮੈਂਬਰ ਅਤੇ ਮੁਹਤਬਰ ਵੀ ਮੌਜੂਦ ਸਨ।

Related Articles

Leave a Comment