ਫਰੀਦਕੋਟ/ਜ਼ੀਰਾ 23 ਦਸੰਬਰ (ਗੁਰਪ੍ਰੀਤ ਸਿੰਘ ਸਿੱਧੂ / ਮਨਜੀਤ ਸਿੰਘ ਢੱਲਾ ) ਪੰਜਾਬ ਫਾਰੇਸਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਵਣ ਰੇਂਜ ਦਫਤਰ ਫਰੀਦਕੋਟ ਵਿਖੇ ਹੋਈ। ਮੀਟਿੰਗ ਦੌਰਾਨ ਪੈਨਸ਼ਨਰ ਦਿਵਸ ਮਨਾਉਣ ਸਬੰਧੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਲੁਧਿਆਣਾ, ਰੋਪੜ, ਫਰੀਦਕੋਟ ,ਬਠਿੰਡਾ , ਫਾਜ਼ਿਲਕਾ ਆਦਿ ਜਿਲ੍ਹਿਆਂ ਵਿੱਚ ਜ਼ਿਲ੍ਹਾ ਅਤੇ ਬਲਾਕਾਂ ਦੇ ਅਹੁਦੇਦਾਰਾਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵਣ ਵਿਭਾਗ ਪੰਜਾਬ ਵਿਚੋਂ ਸੇਵਾ ਮੁਕਤ ਹੋਏ ਫਾਰੇਸਟ ਪੈਨਸ਼ਨਰਜ਼ ਦਲੀਪ ਸਿੰਘ(1994) ਅਤੇ ਬਿੱਕਰ ਸਿੰਘ (2000) ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਫਾਰੇਸਟ ਪੈਂਨਸ਼ਨਰਜ ਵੈਲਫੇਅਰ ਐਸੋਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਰੂਲਾਂ, ਪੱਤਰਾਂ, ਨੋਟੀਫਿਕੇਸ਼ਨਾਂ ਅਤੇ ਹੋਰ ਪੈਨਸ਼ਨ ਲਾਭਾਂ ਸਬੰਧੀ ਕਿਤਾਬ ਰਲੀਜ਼ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਸਰਪ੍ਰਸਤ ਜਗਦੀਪ ਸਿੰਘ ਢਿੱਲੋ, ਸੂਬਾ ਜਰਨਲ ਸਕੱਤਰ ਮਹਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਕੰਗ ਵਿੱਤ ਸਕੱਤਰ, ਰਸ਼ਪਾਲ ਸਿੰਘ ਮੀਤ ਪ੍ਰਧਾਨ, ਦਲਜੀਤ ਸਿੰਘ ਬਠਿੰਡਾ, ਸ਼ਾਮ ਲਾਲ ਚਾਵਲਾ ਕਾਨੂੰਨੀ ਸਲਾਹਕਾਰ, ਤਰਸੇਮ ਲਾਲ ਨਰੂਲਾ, ਮੇਜਰ ਸਿੰਘ ਮੂੰਗਰਾ, ਦਲੀਪ ਸਿੰਘ, ਚਮਨ ਲਾਲ, ਰੋਸ਼ਨ ਲਾਲ ,ਹਰਬੰਸ ਸਿੰਘ, ਮਲਕੀਤ ਸਿੰਘ , ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਾਰ ਪ੍ਰਤੀਸ਼ਤ ਡੀਏ ਜੇ ਬਕਾਏ ਅਤੇ ਪਿਛਲੇ ਬਕਾਏ ਬਾਰੇ ਕੋਈ ਸਾਰਥਿਕ ਫੈਸਲਾ ਨਾ ਲੈਣ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਫਾਰੇਸਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਸੰਘਰਸ਼ਾਂ ਵਿੱਚ ਵੱਧ ਚੜ੍ਹਕੇ ਭਾਗ ਲਵੇਗੀ ਅਤੇ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ਼ ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕਰੇਗੀ।