Home » ਨਹਿਰੀ ਪਾਣੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਧੂਰੀ ‘ਚ ਲੱਗਿਆ ਮੋਰਚਾ ਜੇਤੂ ਨਾਅਰਿਆਂ ਨਾਲ ਸਮਾਪਤ

ਨਹਿਰੀ ਪਾਣੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਧੂਰੀ ‘ਚ ਲੱਗਿਆ ਮੋਰਚਾ ਜੇਤੂ ਨਾਅਰਿਆਂ ਨਾਲ ਸਮਾਪਤ

ਐੱਸਵਾਈਐੱਲ ਮੁੱਦੇ ਤੇ 9 ਅਕਤੂਬਰ ਨੂੰ ਡੀਸੀ ਦਫ਼ਤਰਾਂ ਅੱਗੇ ਹੋਣਗੇ ਰੋਸ ਮੁਜ਼ਾਹਰੇ: ਢੁੱਡੀਕੇ

by Rakha Prabh
65 views
ਦਲਜੀਤ ਕੌਰ
ਧੂਰੀ, 6 ਅਕਤੂਬਰ, 2023: ਨਹਿਰੀ ਪਾਣੀ ਪ੍ਰਾਪਤੀ ਲਈ ਮੁੱਖ ਮੰਤਰੀ ਦਫ਼ਤਰ ਅੱਗੇ ਲੱਗੇ ਪੱਕੇ ਮੋਰਚੇ ਦੇ ਸਤਾਰਵੇਂ ਦਿਨ ਸਰਕਾਰ ਦੀ ਤਰਫੋਂ ਐਸੀ ਨਹਿਰੀ ਵਿਭਾਗ ਪਟਿਆਲਾ ਸੁਖਜੀਤ ਸਿੰਘ ਭੁੱਲਰ, ਏਡੀਸੀ ਜਨਰਲ ਰਿਚਾ ਗੋਇਲ, ਐਸ ਡੀ ਐਮ ਧੂਰੀ ਵੱਲੋਂ ਲੋਕਾਂ ‘ਚ ਆ ਕੇ ਭਰੋਸਾ ਦਿਵਾਉਣ ਅਤੇ ਰਜਵਾਹੇ ਦੇ ਟੈਂਡਰਾਂ ਦੀਆਂ ਨਕਲਾਂ ਦੇਣ ਤੋਂ ਬਾਅਦ ਜੇਤੂ ਨਾਅਰਿਆ ਨਾਲ ਸਮਾਪਤ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸੀਨੀਅਰ ਆਗੂ ਮੱਘਰ ਸਿੰਘ ਭੂਦਨ ਨੇ ਦੱਸਿਆ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਲਕਾ ਧੂਰੀ, ਮਾਲੇਰਕੋਟਲਾ, ਅਮਰਗੜ੍ਹ, ਮਹਿਲਕਲਾਂ ਦੇ ਲੋਕ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ।ਪਿਛਲੀ 20 ਸਤੰਬਰ ਤੋਂ ਮੁੱਖ ਮੰਤਰੀ ਦਫਤਰ ਧੂਰੀ ਅੱਗੇ ਪੱਕਾ ਮੋਰਚਾ ਲੱਗਿਆ ਹੋਇਆ ਸੀ ਜਿਸ ਸਦਕਾ ਕੱਲ ਜਲ ਸਰੋਤ ਵਿਭਾਗ ਦੇ ਮੰਤਰੀ ਮੀਤ ਹੇਅਰ ਅਤੇ ਸੈਕਟਰੀ ਕ੍ਰਿਸ਼ਨ ਕੁਮਾਰ ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਸਾਰੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਅਤੇ ਅੱਜ ਮੋਰਚੇ ਵਿੱਚ ਆ ਕੇ ਟੈਂਡਰਾਂ ਦੀਆਂ ਨਕਲਾਂ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਅੱਜ ਮੋਰਚੇ ਵਿੱਚ ਆ ਕੇ ਐਸਸੀ ਪਟਿਆਲਾ ਸੁਖਜੀਤ ਸਿੰਘ ਭੁੱਲਰ ਨੇ ਰੋਹੀੜਾ ਰਜਵਾਹਾ, ਕੰਗਣਵਾਲ ਰਜਵਾਹਾ ਅਤੇ ਕੋਟਲਾ ਰਜਵਾਹਾ ਦੇ ਟੈਂਡਰਾਂ ਦੀਆਂ ਨਕਲਾਂ ਦਿੱਤੀਆਂ, ਲੌਂਗੋਵਾਲ ਰਜਵਾਹੇ ਦੀ ਰੀਲਾਨਿੰਗ ਦਾ 35.68 ਕਰੋੜ ਦਾ ਪ੍ਰੋਜੈਕਟ ਬਣਾਉਣ ਬਾਰੇ ਦੱਸਿਆ, ਮਾਹੋਰਾਣਾ ਦੇ ਪੁਲ ਤੋਂ ਬਣਨ ਵਾਲੀ ਨਵੀਂ ਨਹਿਰ ਦੀ ਜਲਦ ਨਿਸ਼ਾਨਦੇਹੀ ਸ਼ੁਰੂ ਕਰਨ, ਇਸੇ ਤਰ੍ਹਾਂ ਤਕੀਪੁਰ, ਢੱਡਰੀਆਂ, ਸਾਹੋਕੇ ਪਿੰਡਾਂ ਦੇ ਨਹਿਰੀ ਪਾਣੀ ਤੋਂ ਵਾਂਝੇ ਰਕਬੇ ਨੂੰ ਨਹਿਰੀ ਪਾਣੀ ਲਾਉਣ ਅਤੇ ਬਾਕੀ ਕੰਮ ਵੀ ਜਲਦੀ ਪੂਰੇ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਬਾਕੀ ਬਚਦੇ ਪਾਣੀਆਂ ਨੂੰ ਵੀ ਖੋਹਣ ਦੀ ਤਿਆਰੀ ਵਿੱਚ ਹੈ ਅਤੇ ਸੁਪਰੀਮ ਕੋਰਟ ਰਾਹੀਂ ਪੰਜਾਬ ਦੇ ਉਲਟ ਫੈਸਲੇ ਕਰਵਾਏ ਜਾ ਰਹੇ ਹਨ। ਭਗਵੰਤ ਮਾਨ ਸਰਕਾਰ ਰਿਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਦੇਣ ਤੀ ਮੰਗ ਤੋਂ ਟਾਲਾ ਵੱਟਕੇ ਕੇਂਦਰ ਖਿਲਾਫ ਸਖਤ ਸਟੈਂਡ ਲੈਣ ਤੋਂ ਪਿੱਛੇ ਹਟ ਰਹੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੀਤੇ ਹੁਕਮਾਂ ਤਹਿਤ ਜੇਕਰ ਕੇਂਦਰ ਦੀ ਕੋਈ ਟੀਮ ਐਸ ਵਾਈ ਐਲ ਨਹਿਰ ਦੇ ਸਰਵੇਖਣ ਦਾ ਕੰਮ ਸ਼ੁਰੂ ਕਰਦੀ ਹੈ ਤਾਂ ਪੰਜਾਬ ਦੇ ਲੋਕ ਇਸਦੇ ਖਿਲਾਫ਼ ਸਖਤ ਐਕਸ਼ਨ ਲੈਣਗੇ ਅਤੇ ਸਰਵੇ ਨਹੀਂ ਕਰਨ ਦਿੱਤਾ ਜਾਵੇਗਾ। ਆਗੂਆਂ ਨੇ ਇਸ ਮਸਲੇ ਤੇ 9 ਅਕਤੂਬਰ ਨੂੰ ਪੰਜਾਬ ਭਰ ਦੇ ਡੀਸੀ ਦਫਤਰਾਂ ਅੱਗੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਵੀ ਕੀਤਾ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਚੁੰਘਾਂ, ਪਰਮੇਲ ਸਿੰਘ ਹੱਥਨ, ਚਮਕੌਰ ਸਿੰਘ ਹੱਥਨ, ਮੇਹਰ ਸਿੰਘ ਈਸਾਪੁਰ ਲੰਡਾ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਬਧੇਸਾ, ਮਲਕੀਤ ਸਿੰਘ ਹੇੜੀਕੇ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਵਾਲ, ਬੀਕੇਯੂ ਰਾਜੇਵਾਲ ਦੇ ਆਗੂ ਬਲਵਿੰਦਰ ਸਿੰਘ ਜੱਖਲਾਂ, ਬੀਕੇਯੂ ਲੱਖੋਵਾਲ ਦੇ ਆਗੂ ਨਿਰਮਲ ਸਿੰਘ ਘਨੌਰ, ਬੀਕੇਯੂ ਡਕੌਂਦਾ ਬੁਰਜਗਿੱਲ ਦੇ ਆਗੂ ਮਹਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਨੂੰ ਪਾਣੀ ਦੇਣ ਲਈ ਜੋ ਪ੍ਰੋਜੈਕਟ ਸ਼ੁਰੂ ਕਰਨ ਦਾ ਅੱਜ ਭਰੋਸਾ ਦਿੱਤਾ ਗਿਆ ਹੈ ਜੇਕਰ ਮਿੱਥੇ ਸਮੇਂ ਵਿੱਚ ਕੰਮ ਪੂਰਾ ਨਾ ਹੋਇਆ ਤਾਂ ਲੋਕਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

Related Articles

Leave a Comment