( ਅਜੀਤ ਸਿੰਘ ਲਵਪ੍ਰੀਤ ਸਿੰਘ ਸਿੱਧੂ ) :- ਅੱਜ ਪਿੰਡ ਦੌਧਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਇਕਾਈ ਪ੍ਰਧਾਨ ਜਗਦੀਪ ਸਿੰਘ (ਫੋਰਮੈਨ) ਦੇ ਛੋਟੇ ਭਰਾ ਸਵ: ਸਰਬਜੀਤ ਸਿੰਘ ਬਿੱਟੂ ਦੇ ਸ਼ਰਧਾਂਜਲੀ ਸਮਾਗਮ ਮੌਕੇ ਆਜ਼ਾਦ ਜੱਥੇਬੰਦੀ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ 52 ਸਾਲਾ ਸਰਬਜੀਤ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਦੇਸ਼ ਦੇ ਘਟੀਆ ਪ੍ਰਬੰਧ ਨੂੰ ਸਮਝਦਿਆਂ ਕਿਹਾ ਕਿ ਇੱਥੋਂ ਦੇ ਮਿੱਟੀ, ਹਵਾ, ਪਾਣੀ ਸਮੇਤ ਸਮੁੱਚੇ ਖਾਧ ਪਦਾਰਥ ਮਨੁੱਖੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਚੁੱਕੇ ਹਨ। ਮੁਨਾਫ਼ੇ ਦੀ ਦੌੜ ਅਤੇ ਭ੍ਰਿਸ਼ਟ ਰਾਜ ਤੰਤਰ ਦੇਸ਼ ਨੂੰ ਵਿਨਾਸ਼ ਵੱਲ ਧੱਕ ਰਿਹਾ ਹੈ। ਸਾਨੂੰ ਹੁਣ ਵੋਟਾਂ ਦੀ ਥਾਂ ਸ਼ੰਘਰਸ਼ਾਂ ਤੋਂ ਵੱਧ ਉਮੀਦ ਰੱਖਣ ਦੀ ਲੋੜ ਹੈ। ਜਿਲ੍ਹਾ ਆਗੂ ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਆਏ ਦਿਨ ਨੌਜਵਾਨਾਂ ਦਾ ਸ਼ਿਕਾਰ ਕਰ ਰਿਹਾ ਹੈ ਸਰਕਾਰ ਅਤੇ ਅਫ਼ਸਰਸ਼ਾਹੀ ਮੂਕ ਦਰਸ਼ਕ ਬਣ ਕੇ ਤੱਕ ਰਹੀ ਹੈ। ਇਸ ਦਾ ਹੱਲ ਲੋਕਾਂ ਨੂੰ ਹੀ ਕਰਨਾ ਪੈਣਾ ਹੈ। ਦਰਸ਼ਨ ਸਿੰਘ ਦੌਧਰ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਲਖਬੀਰ ਸਿੰਘ ਜੰਗ, ਬੇਅੰਤ ਸਿੰਘ, ਜਗਸੀਰ ਸਿੰਘ ਪੱਪੂ, ਸੁਖਜੀਤ ਸਿੰਘ ਦੌਧਰ ਤੋਂ ਇਲਾਵਾ ਕਈ ਕਿਸਾਨ ਆਗੂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ।