ਫਿਰੋਜ਼ਪੁਰ, 2 ਅਗਸਤ 2023( ਗੁਰਪ੍ਰੀਤ ਸਿੱਧੂ )
ਮਾਂ ਦਾ ਦੁੱਧ ਬੱਚੇ ਲਈ ਕੁਦਰਤ ਦਾ ਇੱਕ ਅਣਮੁੱਲਾ ਵਰਦਾਨ ਹੈ, ਇਹ 06 ਮਹੀਨੇ ਤੱਕ ਬੱਚੇ ਲਈ ਸੰਪੂਰਨ ਆਹਾਰ ਹੈ ਅਤੇ ਬੱਚੇ ਲਈ ਇਹ ਅੰਮ੍ਰਿਤ ਸਮਾਨ ਹੈ। ਇਹ ਵਿਚਾਰ ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਦੌਰਾਨ ਜ਼ਿਲ੍ਹਾ ਨਿਵਾਸੀਆ ਦੇ ਨਾਮ ਜਾਗਰੂਕਤਾ ਸੰਦੇਸ਼ ਜਾਰੀ ਕਰਨ ਮੌਕੇ ਪ੍ਰਗਟ ਕੀਤੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ 01 ਅਗਸਤ ਤੋਂ 07 ਅਗਸਤ ਤੱਕ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਸਮੇੰ ਦੌਰਾਨ ਆਮ ਲੋਕਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਨਵਜਾਤ ਬੱਚੇ ਨੂੰ ਜਿੰਨੀ ਜਲਦੀ ਹੋ ਸਕੇ ਮਾਂ ਦਾ ਦੁੱਧ ਸ਼ੁਰੂ ਕਰਾ ਦੇਣਾ ਚਾਹੀਦਾ ਹੈ ਅਤੇ ਇਹ ਬਹੁਤ ਹੀ ਮਹੱਤਵਪੂਰਨ ਹੈ ਅਤੇ ਬੱਚੇ ਨੂੰ ਮਾਂ ਦਾ ਪਹਿਲਾ ਗਾੜਾ ਦੁੱਧ (ਕਲੋਸਟਰਮ) ਲਾਜਮੀ ਦਿੱਤਾ ਜਾਵੇ ਕਿਉਂਕਿ ਇਹ ਪਹਿਲਾ ਗਾੜਾ ਦੁੱਧ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਸਾਰੀ ਜ਼ਿੰਦਗੀ ਲਈ ਪ੍ਰਦਾਨ ਕਰਦਾ ਹੈ। ਇਹ ਬੱਚੇ ਨੂੰ ਨਿਮੋਨੀਆ ਅਤੇ ਦਸਤ ਰੋਗ ਤੋਂ ਬਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਨਵਜਾਤ ਬੱਚੇ ਨੂੰ ਸ਼ਹਿਦ ਜਾਂ ਜਨਮ ਘੁੱਟੀ ਨਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਅਤੇ ਉਸਨੂੰ ਇਸ ਸਮੇਂ ਦੌਰਾਨ ਹੋਰ ਕਿਸੇ ਉਪਰੀ ਖੁਰਾਕ ਦੀ ਲੋੜ ਨਹੀਂ ਹੁੰਦੀ, ਇੱਥੋਂ ਤੱਕ ਕਿ ਪਾਣੀ ਦੀ ਵੀ ਨਹੀਂ। ਇਸ ਤੋਂ ਬਾਅਦ ਦੋ ਸਾਲ ਤੱਕ ਓਪਰੀ ਖੁਰਾਕ ਦੇ ਨਾਲ ਨਾਲ ਵੀ ਮਾਂ ਦਾ ਦੁੱਧ ਪਿਲਾਉਣਾ ਜਾਰੀ ਰੱਖਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਇੱਕ ਅਪੀਲ ਵਿੱਚ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਬੱਚੇ ਨੂੰ ਦੁੱਧ ਚੁੰਘਾਉਣਾ ਉਨ੍ਹਾਂ ਦੀ ਚੋਣ ਨਹੀ ਬਲਕਿ ਜ਼ਿੰਮੇਵਾਰੀ ਹੈ। ਮਾਂ ਦਾ ਦੁੱਧ ਬੱਚੇ ਦੀ ਸਿਹਤ ਲਈ ਲਾਭਦਾਇਕ ਹੁੰਦਾ ਹੈ ਜਿੱਥੇ ਬਰੈਸਟ ਫੀਡਿੰਗ ਨਾਲ ਮਾਂ ਅਤੇ ਬੱਚੇ ਵਿੱਚ ਨੇੜਤਾ ਵੱਧਦੀ ਹੈ ਉੱਥੇ ਇਸ ਨਾਲ ਮਾਂ ਦਾ ਸ਼ਰੀਰ ਵੀ ਜਨੇਪੇ ਉਪਰੰਤ ਜਲਦੀ ਆਪਣੇ ਕੁਦਰਤੀ ਰੂਪ ਵਿੱਚ ਆਉਂਦਾ ਹੈ ਅਤੇ ਮਾਂ ਦੀ ਸਿਹਤ ਵੀ ਚੰਗੀ ਰਹਿੰਦੀ ਹੈ। ਬੱਚੇ ਨੂੰ ਮਾਂ ਦਾ ਦੁੱਧ ਨਾ ਪਿਲਾਉਣ ਨੁਕਸਾਨਾਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਬੱਚਾ ਵਾਰ-ਵਾਰ ਬੀਮਾਰ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਉਸਦਾ ਮਾਨਸਿਕ ਵਿਕਾਸ ਸਹੀ ਨਾ ਹੋਵੇ। ਬੱਚੇ ਦੀ ਸ਼ਰੀਰਕ ਸ਼ਕਤੀ ਅਤੇ ਬੁੱਧੀ ਦਾ ਵਿਕਾਸ ਘੱਟ ਰਹਿ ਸਕਦਾ ਹੈ।
ਇਸ ਅਵਸਰ ‘ਤੇ ਜ਼ਿਲਾ ਐਪੇਡੀਮਾਲੋਜਿਸਟ ਡਾ. ਸ਼ਮਿੰਦਰਪਾਲ ਕੌਰ, ਡਾ:ਯੁਵਰਾਜ ਨਾਰੰਗ, ਸੁਪਰਡੈਂਟ ਪਰਮਵੀਰ ਮੌਂਗਾ, ਮਾਸ ਮੀਡੀਆ ਅਫਸਰ ਰੰਜੀਵ, ਸਟੈਨੋ ਵਿਕਾਸ ਕਾਲੜਾ ਅਤੇ ਬੀ.ਸੀ.ਸੀ ਕੋਆਰਡੀਨੇਟਰ ਰਜਨੀਕ ਕੌਰ ਹਾਜ਼ਰ ਸਨ।