ਚੋਹਲਾ ਸਾਹਿਬ/ਤਰਨਤਾਰਨ,2 ਅਗਸਤ (ਰਾਕੇਸ਼ ਨਈਅਰ)
ਸਾਨੂੰ ਪੰਜਾਬੀਆਂ ਨੂੰ ਅਪਣੇ ਸਭਿਆਚਾਰ ਪੱਖੋਂ ਅਮੀਰ ਵਿਰਸੇ ‘ਤੇ ਮਾਣ ਹੈ।ਸਾਡਾ ਸੱਭਿਆਚਾਰਕ ਭਾਈਚਾਰਾ ਕੁਝ ਹੱਦ ਤੱਕ ਸਭਿਆਚਾਰ ਤੇ ਧਰਮਾਂ-ਤਿਉਹਾਰਾਂ ਬਾਰਾਂ-ਮਾਹਾਂ ਨਾਲ ਜੁੜਿਆ ਹੋਇਆ ਹੈ।ਸਾਉਣ ਮਹੀਨੇ ਵਿੱਚ ਪਿਛਲੇ ਹਾੜ੍ਹ ਮਹੀਨੇ ਦੌਰਾਨ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਤੋਂ ਥੋੜ੍ਹੀ ਰਾਹਤ ਮਹਿਸੂਸ ਹੋਣ ਲੱਗ ਜਾਂਦੀ ਹੈ।ਇਸ ਮਹੀਨੇ ਦੌਰਾਨ ਚਾਰ ਚੁਫ਼ੇਰੇ ਹਰਿਆਲੀ ਛਾ ਜਾਂਦੀ ਹੈ।ਅੰਬ ਦੇ ਦਰੱਖ਼ਤਾਂ ‘ਤੇ ਅੰਬਾਂ ਨਾਲ ਲੱਦੀਆਂ ਟਾਹਣੀਆਂ ਝੁਕ ਜਾਂਦੀਆਂ ਹਨ।ਉਧਰ ਕੋਇਲ ਦੀ ਸੁਰੀਲੀ ਆਵਾਜ਼ ਮਨ ਨੂੰ ਮੋਹ ਲੈਂਦੀ ਹੈ।ਕੁੜੀਆਂ ਇਕੱਠੀਆਂ ਹੋ ਆਪਣੇ ਮਨ ਦੇ ਵਲਵਲਿਆਂ ਨੂੰ ਗਿੱਧੇ ਵਿੱਚ ਬੋਲੀਆਂ ਦੇ ਰੂਪ ਵਿੱਚ ਪੇਸ਼ ਕਰਦੀਆਂ ਹਨ।
ਇਸੇ ਤਿਉਹਾਰ ਨੂੰ ਮੁੱਖ ਰੱਖਦਿਆਂ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਵਿਖੇ ‘ਧੀਆਂ ਨਾਲ ਤੀਆਂ’ ਸਿਰਲੇਖ ਹੇਠ ਤੀਆਂ ਦਾ ਤਿਓਹਾਰ ਬੜੀ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਸਕੂਲ ਦੀਆਂ ਧੀਆਂ ਵਲੋਂ ਜਿੱਥੇ ਗਿੱਧਾ,ਲੋਕ ਗੀਤ,ਬੋਲੀਆਂ ਨਾਲ ਪੰਜਾਬੀ ਸਭਿਆਚਾਰ ਦੇ ਪਿਛੋਕੜ ਦੀ ਤਰਜਮਾਨੀ ਕੀਤੀ ਗਈ,ਉਥੇ ਤੀਆਂ ਦੀ ਰਾਣੀ,ਲੋਕ ਗੀਤ ਅਤੇ ਕਿੱਕਲੀ ਵਰਗੀਆਂ ਕਈ ਹੋਰ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਬਾਰਵੀਂ ਕਲਾਸ ਦੀ ਵਿਦਿਆਰਥਣ ਖ਼ੁਸ਼ਮੀਨ ਕੌਰ “ਤੀਆਂ ਦੀ ਰਾਣੀ” ਖਿਤਾਬ ਜਿੱਤਣ ਵਿੱਚ ਕਾਮਯਾਬ ਹੋਈ ਜਦਕਿ ਜਸ਼ਨਪ੍ਰੀਤ ਕੌਰ ਦੂਜੇ ਸਥਾਨ ‘ਤੇ ਰਹੀ।ਇਸ ਤੋਂ ਇਲਾਵਾ ਲੋਕ ਗੀਤ ਮੁਕਾਬਲੇ ਵਿੱਚ ਅਸ਼ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਨਮੋਲਦੀਪ ਕੌਰ ਅਤੇ ਅਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਛੋਟੀਆਂ ਲੜਕੀਆਂ ਦੇ ਕਿੱਕਲੀ ਮੁਕਾਬਲੇ ਵਿੱਚ ਜੈਸਮੀਨ ਕੌਰ ਤੇ ਐਸ਼ਪ੍ਰੀਤ ਪਹਿਲੇ ਸਥਾਨ,ਪ੍ਰਭਦੀਪ ਕੌਰ ਅਤੇ ਅੰਸ਼ਦੀਪ ਕੌਰ ਦੂਜੇ ਸਥਾਨ ‘ਤੇ ਰਹੀਆਂ। ਇੰਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਬਾਕੀ ਪੇਸ਼ਕਾਰੀਆਂ ਵਿੱਚ ਜਿੱਥੇ ਬੱਚਿਆਂ ਵਲੋਂ ਚਾਅ ਤੇ ਉਤਸ਼ਾਹ ਨਾਲ ਭਾਗ ਲੈਂਦਿਆਂ ਮਨੋਰੰਜਨ ਕੀਤਾ,ਉੱਥੇ ਪ੍ਰੋਗਰਾਮ ਵਿੱਚ ਪਹੁੰਚੀਆਂ ਬੱਚਿਆਂ ਦੀਆਂ ਮਾਵਾਂ ਨੇ ਵੀ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਵਿੱਚ ਵਾਧਾ ਕਰਦਿਆਂ ਕਈ ਪੁਰਾਤਨ ਵੰਨਗੀਆਂ ਪੇਸ਼ ਕੀਤੀਆਂ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ,ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ ਪ੍ਰਿੰਸੀਪਲ ਸ.ਨਿਰਭੈ ਸਿੰਘ ਸੰਧੂ ਵਲੋਂ ਆਏ ਮੁੱਖ ਮਹਿਮਾਨਾਂ,ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਸਕੂਲ ਵਿੱਚ ਜਿੱਥੇ ਬੱਚਿਆਂ ਲਈ ਪੀਂਘ ਪਾਈ ਗਈ,ਉੱਥੇ ਸਾਉਣ ਮਹੀਨੇ ਦਾ ਮੁੱਖ ਪਕਵਾਨ ਖੀਰ-ਪੂੜੇ ਵੀ ਬਣਾਏ ਗਏ।ਇਸ ਮੌਕੇ ਮੁੱਖ ਮਹਿਮਾਨ ਐਡਵੋਕੇਟ ਸਰਤਾਜ ਸਿੰਘ ਸੰਧੂ,ਮੈਡੀਕਲ ਅਫ਼ਸਰ ਹਰਕੀਰਤ ਕੌਰ ਸੰਧੂ,ਮੈਡਮ ਮਨਿੰਦਰ ਕੌਰ,ਮੈਡਮ ਵਰਿੰਦਰ ਕੌਰ ਨੇ ਜਿੱਥੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਅਨੰਦ ਮਾਣਿਆ ਉੱਥੇ ਮੈਡੀਕਲ ਅਫ਼ਸਰ ਹਰਕੀਰਤ ਕੌਰ ਵਲੋਂ ਬੱਚਿਆਂ ਨੂੰ ਸਿਹਤਮੰਦ ਰਹਿਣ ਲਈ ਸਿਹਤ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ।