ਦਲਜੀਤ ਕੌਰ
ਸੰਗਰੂਰ, 11 ਸਤੰਬਰ, 2023: ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ-ਸੰਗਰੂਰ ਦੀ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਤੇ ਸੂਬਾ ਆਗੂ ਹੇਮਰਾਜ ਸਟੈਨੋ ਦੀ ਨਿਗਰਾਨੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਪੰਜ ਨਵੰਬਰ ਨੂੰ ਜ਼ੋਨ ਦੀ ਛਿਮਾਹੀ ਇਕੱਤਰਤਾ ਵਿੱਚ ਬੀਤੇ ਛੇ ਮਹੀਨਿਆਂ ਦੀ ਸਰਗਰਮੀਆਂ ਦਾ ਲੇਖਾ ਜੋਖਾ ਕਰਨ ਤੇ ਅਗਲੇ ਛੇ ਮਹੀਨਿਆਂ ਦੀ ਕਾਰਜ਼ ਵਿਉਂਤ ਉਲੀਕਣ ਦਾ ਫੈਸਲਾ ਕੀਤਾ ਗਿਆ। ਤਰਕਸ਼ੀਲ ਆਗੂ ਵਿਸ਼ਵ ਕਾਂਤ ਜਮਹੂਰੀਅਤ ਵਿਸ਼ੇ ਤੇ ਪੇਪਰ ਪੜ੍ਹਨਗੇ। ਮੀਟਿੰਗ ਵਿੱਚ ਸੂਬਾ ਪੱਧਰੀ ਕਰਵਾਈ ਚੇਤਨਾ ਪਰਖ਼ ਪ੍ਰੀਖਿਆ ਦਾ ਰੀਵਿਊ ਕੀਤਾ ਗਿਆ ਤੇ ਪ੍ਰੀਖਿਆ ਸਮੱਗਰੀ ਦੀ ਪੈਕਿੰਗ ਦੀ ਸੂਬਾ ਤੇ ਜ਼ੋਨ ਪੱਧਰੀ ਦੋਹਰੀ ਚੈਕਿੰਗ ਕਰਨ ਬਾਰੇ ਫੈਸਲਾ ਹੋਇਆ। ਤਰਕਸ਼ੀਲ ਸਾਹਿਤ ਵੈਨ ਬਰਨਾਲਾ ਜੋਨ ਵਿਚ ਭੇਜਣ ਦੀ ਸੂਚਨਾ ਸੂਬਾ ਘੱਟੋ ਘੱਟ 10 ਦਿਨ ਪਹਿਲਾਂ ਜ਼ੋਨ ਨੂੰ ਦੇਵੇਗਾ।
ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਦੱਸਿਆ ਕਿ ਚੇਤਨਾ ਪ੍ਰੀਖਿਆ ਦਾ ਨਤੀਜਾ ਅਕਤੂਬਰ ਦੇ ਪਹਿਲੇ ਹਫਤੇ ਐਲਾਨਿਆ ਜਾਵੇਗਾ। ਮੀਟਿੰਗ ਵਿੱਚ ਸਤੰਬਰ-ਅਕਤੂਬਰ ਅੰਕ ਦੇ ਤਰਕਸ਼ੀਲ ਮੈਗਜੀਨ ਦੀ ਇਕਾਈਆਂ ਨੂੰ ਵੰਡ ਵੀ ਕੀਤੀ ਗਈ। ਮੀਟਿੰਗ ਵਿੱਚ ਆਈ ਆਈ ਟੀ ਮੰਡੀ (ਹਿਮਾਚਲ ਪ੍ਰਦੇਸ਼) ਦੇ ਨਿਰਦੇਸ਼ਕ ਵਲੋਂ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਨੂੰ ਜਾਨਵਰਾਂ ਦੇ ਮਾਸ ਖਾਣ ਨਾਲ ਜੋੜ ਕੇ ਦਿੱਤੇ ਅੰਧ ਵਿਸ਼ਵਾਸੀ ਅਤੇ ਗੁੰਮਰਾਹਕੁੰਨ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਤੋਂ ਅਜਿਹੇ ਅੰਧ ਵਿਸ਼ਵਾਸ਼ੀ ਨਿਰਦੇਸ਼ਕ ਨੂੰ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਇਸਦੇ ਨਾਲ ਹੀ ਸੁਸਾਇਟੀ ਨੇ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸ਼ਾਂ ਦਾ ਡਟਵਾਂ ਵਿਰੋਧ ਕਰਨ ਅਤੇ ਜਿੰਦਗੀ ਵਿੱਚ ਵਿਗਿਆਨਕ ਸੋਚ ਅਪਣਾਉਣ ਦੀ ਅਪੀਲ ਵੀ ਕੀਤੀ ਹੈ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੋਹਣ ਸਿੰਘ ਮਾਝੀ, ਭੀਮ ਰਾਜ ਬਰਨਾਲਾ, ਨਾਇਬ ਸਿੰਘ ਦਿੜ੍ਹਬਾ, ਰਜਿੰਦਰ ਰਾਜੂ ਧੂਰੀ, ਭੀਮ ਰਾਜ ਛਾਜਲੀ, ਮਨਪ੍ਰੀਤ ਸਿੰਘ ਛਾਜਲੀ, ਬਲਵੀਰ ਲੌਂਗੋਵਾਲ, ਵਿਸ਼ਵ ਕਾਂਤ ਸੁਨਾਮ, ਸਹਿਦੇਵ ਦਿੜ੍ਹਬਾ, ਗੁਰਦੀਪ ਸਿੰਘ ਸੰਗਰੂਰ ਨੇ ਸ਼ਮੂਲੀਅਤ ਕੀਤੀ।