ਅੰਮ੍ਰਿਤਸਰ 11 ਜੁਲਾਈ ( ਰਣਜੀਤ ਸਿੰਘ ਮਸੌਣ )-ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਬੁਲਾਰੇ ਅਤੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ ਨੇ ਪੰਜਾਬ ਵਿੱਚ ਹੋ ਰਹੀਆਂ ਭਾਰੀ ਬਾਰਸ਼ਾਂ ਵਿੱਚ ਪੰਜਾਬ ਵਾਸੀਆਂ ਦੇ ਹੋ ਰਹੇ ਨੁਕਸਾਨ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਾਸੀ ਇਸ ਵੇਲੇ ਭਾਰੀ ਬਾਰਸ਼ਾਂ ਕਾਰਨ ਚਿੰਤਤ ਹਨ। ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ, ਘਰ ਢਹਿ ਢੇਰੀ ਹੋ ਰਹੇ ਹਨ। ਪੰਜਾਬ ਵਾਸੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਪਰ ਅਫ਼ਸੋਸ ਕਿ ਪੰਜਾਬ ਵਾਸੀਆਂ ਨੇ ਜਿਸਨੂੰ ਪੰਜਾਬ ਦੀ ਕਮਾਂਡ ਦਿੱਤੀ, ਉਸਨੂੰ ਹੀ ਪੰਜਾਬ ਵਾਸੀਆਂ ਦੀ ਚਿੰਤਾ ਨਹੀਂ। ਕੱਕੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਾਸੀਆਂ ਨਾਲੋਂ ਜਿਆਦਾ ਚਿੰਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਪੰਜਾਬ ਡੁੱਬ ਰਿਹਾ ਹੈ ਅਤੇ ਮੁੱਖ ਮੰਤਰੀ ਜੀ ਆਪਣੇ ਵਿਆਹ ਦੀ ਸਾਲ ਗਿਰਾਹ ਮਣਾ ਰਹੇ ਹਨ ਅਤੇ ਗੁਆਂਢੀ ਰਾਜ ਹਰਿਆਣੇ ਵਿੱਚ ਅਰਵਿੰਦ ਕੇਜਰੀਵਾਲ ਨਾਲ ਚੋਣਾਂ ਦੀਆਂ ਤਿਆਰੀਆਂ ਦੇ ਦੌਰਿਆਂ ਵਿੱਚ ਰੁੱਝੇ ਹਨ। ਕੱਕੜ ਨੇ ਕਿਹਾ ਕਿ ਪੰਜਾਬ ਦੇ ਜਿਸ ਪੈਸੇ ਦੀ ਇਸ ਵਕਤ ਪੰਜਾਬ ਵਾਸੀਆਂ ਨੂੰ ਲੋੜ ਹੈ ਉਹ ਪੈਸਾਂ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮਨਸ਼ਾ ਨਾਲ ਦੂਜੇ ਰਾਜਾਂ ਦੀਆਂ ਚੋਣਾਂ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਅਜੇ ਤੱਕ ਕਣਕ ਦਾ ਪੂਰਾ ਖ਼ਰਾਬਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਭੇਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਸਹਾਇਤਾ ਲਈ ਸੀ ਪਰ ਇਸ ਵਕਤ ਭਾਰੀ ਬਾਰਸ਼ਾਂ ਕਾਰਨ ਪੰਜਾਬ ਦੇ ਹੋ ਰਹੇ ਨੁਕਸਾਨ ਲਈ ਪ੍ਰਧਾਨ ਮੰਤਰੀ ਨੂੰ ਕੋਈ ਅਪੀਲ ਨਹੀਂ ਕੀਤੀ ਗਈ। ਕੱਕੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਤੁਹਾਨੂੰ ਆਪਣੀ ਜਿੰਦਗੀ ਨੂੰ ਬੇਹਤਰ ਬਣਾਉਣ ਲਈ ਮੁੱਖ ਮੰਤਰੀ ਬਣਾਇਆ ਹੈ। ਤੁਸੀਂ ਅਰਵਿੰਦ ਕੇਜਰੀਵਾਲ ਜੀ ਦੀ ਚਿੰਤਾ ਛੱਡ ਕੇ ਪੰਜਾਬ ਦੇ ਲੋਕਾਂ ਦੀ ਚਿੰਤਾ ਕਰੋ।