ਅੰਮ੍ਰਿਤਸਰ, 10 ਜੁਲਾਈ ( ਰਣਜੀਤ ਸਿੰਘ ਮਸੌਣ) ਭਾਰੀ ਬਰਸਾਤ ਕਾਰਨ ਪੈਦਾ ਹੋਏ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲੈਂਣ ਮਗਰੋਂ ਕਿਹਾ ਕਿ ਫ਼ਿਲਹਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ, ਪਰ ਫ਼ਿਰ ਵੀ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਹਰਭਜਨ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ, ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ, ਐਸ.ਐਸ.ਪੀ. ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸਮੇਤ ਸਾਰੇ ਐਸ.ਡੀ.ਐਮਜ਼ ਅਤੇ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।
ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮੈਂ, ਕੁਲਦੀਪ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਅਤੇ ਸਾਡੇ ਸਾਰੇ ਵਿਧਾਇਕਾਂ ਨੇ ਜਿਲ੍ਹੇ ਦੀਆਂ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ ਹੈ। ਕੁੱਝ ਇਕ ਥਾਵਾਂ ਜਿਨਾਂ ਵਿੱਚ ਪਿੰਡ ਤਾਰਾਗੜ੍ਹ, ਧਰਦਿਓਂ, ਮਹਿਸਮਪੁਰਾ, ਖਿਲਚੀਆਂ, ਦਸ਼ਮੇਸ਼ ਨਗਰ, ਤਿੰਮੋਵਾਲ, ਮਾਲੋਵਾਲ, ਘੋਨੇਵਾਲ, ਭਿੰਡੀਸੈਂਦਾਂ, ਦਰਿਆ ਮੂਸਾ, ਨਵਾਂ ਪਿੰਡ ਆਦਿ ਸ਼ਾਮਲ ਹਨ ਵਿੱਚ ਕੁੱਝ ਇੱਕ ਥਾਵਾਂ ’ਤੇ ਪਾਣੀ ਰੁਕਣ ਦੀ ਸਮੱਸਿਆ ਸੀ, ਜਿਸਨੂੰ ਹਲ ਕਰਵਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਰਾਵੀ ਦਰਿਆ ਦੀ ਸਥਿਤੀ ਫ਼ਿਲਹਾਲ ਖਤਰੇ ਤੋਂ ਬਾਹਰ ਹੈ ਅਤੇ ਦਰਿਆ ਸਤਲੁਜ ਜੋ ਕਿ ਬਿਆਸ ਨੇੜਿਓਂ ਲੰਘਦਾ ਹੈ ਵਿੱਚ ਵੀ ਪਾਣੀ ਦਾ ਕੋਈ ਖ਼ਤਰਾ ਨਹੀਂ ਹੈ।
ਉਨਾਂ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ ਅਧਿਕਾਰੀਆਂ ਦੀਆਂ ਪਿੰਡ ਪੱਧਰ ਉਤੇ ਡਿਊਟੀਆਂ ਲਗਾਉਣ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ, ਉਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਅਤੇ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ।
ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਪਾਣੀ ਦੀਆਂ ਟੈਂਕੀਆਂ ਦੀ ਕਲੋਰਾਈਜੇਸ਼ਨ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਬਰਸਾਤ ਦੇ ਸੀਜ਼ਨ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ। ਉਨਾਂ ਦੱਸਿਆ ਕਿ ਸਾਡੇ ਕੋਲ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿੱਚ ਸਕੂਲਾਂ ਦੇ ਹੀ 7000 ਤੋਂ ਵੱਧ ਕਮਰੇ ਹਨ। ਜਿਥੇ ਕਿ ਲੋੜ ਵੇਲੇ ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਡੀਆਂ ਅਨਾਜ ਮੰਡੀਆਂ ਅਤੇ ਹੋਰ ਸਥਾਨ ਲੋੜ ਵੇਲੇ ਕੰਮ ਆ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਭਾਵੇਂ ਹੜ੍ਹ ਦਾ ਕੋਈ ਖ਼ਤਰਾ ਨਹੀਂ ਹੈ ਪਰ ਫ਼ਿਰ ਵੀ ਸਾਡੀ ਹਰ ਤਰ੍ਹਾਂ ਨਾਲ ਤਿਆਰੀ ਹੈ। ਉਨਾਂ ਕਿਹਾ ਕਿ ਸਾਰੇ ਐਸ.ਡੀ.ਐਮਜ਼ ਆਪਣੇ ਆਪਣੇ ਇਲਾਕੇ ਵਿੱਚ ਲਗਾਤਾਰ ਮੌਜ਼ੂਦਾ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਇਲਾਵਾ ਫ਼ੌਜ, ਬੀ.ਐਸ.ਐਫ਼, ਐਨ.ਡੀ.ਆਰ.ਐਫ. ਨਾਲ ਵੀ ਸਾਡਾ ਪੂਰਾ ਸੰਪਰਕ ਹੈ, ਜੋ ਕਿ ਲੋੜ ਵੇਲੇ ਸਾਡੀ ਮੱਦਦ ਤੇ ਆ ਸਕਦੇ ਹਨ। ਉਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਟੀਮ ਵੱਜੋਂ ਕੰਮ ਕਰਨ ਅਤੇ ਨਾ ਆਪ ਛੁੱਟੀ ਲੈਣ ਅਤੇ ਨਾ ਹੀ ਆਪਣੇ ਕਰਮਚਾਰੀਆਂ ਨੂੰ ਬਿਨਾਂ ਅਤਿ ਜ਼ਰੂਰੀ ਲੋੜ ਤੋਂ ਛੁੱਟੀ ਦੇਣ।