ਹੁਸ਼ਿਆਰਪੁਰ, 10 ਜੁਲਾਈ ( ਤਰਸੇਮ ਦੀਵਾਨਾ)- ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਭ ਤੋਂ ਵੱਡਾ ਪੁੰਨ ਖੂਨ ਦਾਨ ਅੱਖਾਂ ਦਾਨ ਸਰੀਰ ਦੇ ਅੰਗ ਦਾਨ ਕਰਨਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਅੰਗ ਦਾਨ ਖੂਨ ਦਾਨ ਦਾਨ ਤੇ ਸਰੀਰ ਦਾਨ ਕਰਨੇ ਚਾਹੀਦੇ ਹਨ ਤਾਂ ਜੋ ਅਨਮੋਲ ਜਾਨਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹੁਸ਼ਿਆਰਪੁਰ ਦੇ ਸਥਿਤ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਭਵਨ ਕਮੇਟੀ ਦੇ ਪ੍ਰਧਾਨ ਅਤੇ ਲਾਇਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਲੱਗਭੱਗ ਹਰੇਕ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ। ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੁੰਦੀ, ਸਗੋਂ ਖੂਨ ਦਾਨ ਕਰਨ ਨਾਲ ਸਰੀਰ ਵਿੱਚ ਨਵੇਂ ਲਾਲ ਸੈੱਲ ਬਣਦੇ ਹਨ ਜਿਸ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਤਿੰਨ ਮਹੀਨੇ ਵਿੱਚ ਇੱਕ ਵਾਰ ਖ਼ੂਨਦਾਨ ਕਰ ਸਕਦਾ ਹੈ। ਖੂਨ ਦਾਨ ਕਰ ਕੇ ਅਨੇਕਾਂ ਅਨਮੋਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਹਨਾ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਲੋਕ ਦੇਖਣ ਤੋਂ ਅਸਮਰੱਥ ਹਨ, ਜਿਨ੍ਹਾਂ ਦੀਆਂ ਪੁਤਲੀਆਂ ਬਦਲ ਕੇ ਉਨ੍ਹਾਂ ਦੀ ਨਜ਼ਰ ਠੀਕ ਕੀਤੀਆ ਜਾ ਸਕਦੀਆ ਹਨ। ਪ੍ਰੰਤੂ ਸਾਡੇ ਸਮਾਜ ਵਿੱਚ ਧਾਰਮਿਕ ਬਿਰਤੀ ਅਨੁਸਾਰ ਲੋਕ ਆਪਣੀਆਂ ਅੱਖਾਂ ਦਾਨ ਨਹੀਂ ਕਰਦੇ ਜਿਸ ਕਾਰਨ ਅਨੇਕਾਂ ਹੀ ਤੰਦਰੁਸਤ ਅੱਖਾਂ ਮਨੁੱਖ ਦੇ ਮਰਨ ਤੋਂ ਬਾਅਦ ਬੇਕਾਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਮੌਤ ਤੋਂ ਬਾਅਦ ਸਾਡੀਆਂ ਅੱਖਾਂ ਕਿਸੇ ਦੇਖਣ ਤੋਂ ਅਸਮਰੱਥ ਵਿਅਕਤੀ ਦੇ ਕੰਮ ਆ ਸਕਣ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਦੁਆਰਾ ਦਾਨ ਕੀਤੀਆਂ ਅੱਖਾਂ ਦੋ ਵਿਅਕਤੀਆਂ ਨੂੰ ਦੇਖਣ ਦੇ ਯੋਗ ਬਣਾ ਸਕਦੀਆਂ ਹਨ।