ਫਗਵਾੜਾ 22 ਜੂਨ (ਸ਼ਿਵ ਕੋੜਾ) ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ (ਰਜਿ.) ਤਾਕੀ ਮੁਹੱਲਾ ਮੇਹਲੀ ਗੇਟ ਫਗਵਾੜਾ ਵੱਲੋਂ ਅੱਜ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਧਰਮਸ਼ਾਲਾ ਦੇ ਅੰਦਰ ਲੰਗਰ ਹਾਲ ਬਣਾਉਣ ਲਈ ਭਗਵੰਤ ਮਾਨ ਸਰਕਾਰ ਤੋਂ ਗ੍ਰਾਂਟ ਦੀ ਮੰਗ ਕੀਤੀ ਗਈ। ਧਰਮਸ਼ਾਲਾ ਦੇ ਪ੍ਰਬੰਧਕਾਂ ਨੇ ਮਾਨ ਨੂੰ ਦੱਸਿਆ ਕਿ ਉਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜਨਮ ਉਤਸਵ ਅਤੇ ਡਾ: ਬੀ.ਆਰ. ਅੰਬੇਡਕਰ ਜੈਅੰਤੀ ਸਮੇਤ ਹੋਰ ਵੀ ਕਈ ਸਮਾਗਮ ਸਾਲ ਭਰ ‘ਚ ਕਰਵਾਉਂਦੇ ਹਨ। ਪਰ ਲੰਗਰ ਹਾਲ ਨਾ ਹੋਣ ਕਾਰਨ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧਰਮਸ਼ਾਲਾ ਦਾ ਹਾਲ ਵਿਆਹ ਵਰਗੇ ਸਮਾਗਮਾਂ ਲਈ ਬਿਲਕੁਲ ਮੁਫ਼ਤ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੰਗਰ ਹਾਲ ਦੀ ਸਹੂਲਤ ਨਾ ਹੋਣ ਕਾਰਨ ਲੰਗਰ ਦੀ ਸੇਵਾ ਬਾਹਰ ਸੜਕ ’ਤੇ ਹੀ ਕਰਨੀ ਪੈਂਦੀ ਹੈ, ਇਸ ਲਈ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਲੰਗਰ ਹਾਲ ਦੀ ਉਸਾਰੀ ਲਈ ਲੋੜੀਂਦੀ ਗਰਾਂਟ ਮੁਹੱਈਆ ਕਰਵਾਈ ਜਾਵੇ। ਜੋਗਿੰਦਰ ਸਿੰਘ ਮਾਨ ਨੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਗੱਲ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ ਅਤੇ ਜੋ ਵੀ ਮੱਦਦ ਸੰਭਵ ਹੋਵੇਗੀ ਉਹ ਸਰਕਾਰੀ ਗਰਾਂਟ ਦੇ ਰੂਪ ਵਿੱਚ ਜਰੂਰ ਦੁਆਈ ਜਾਵੇਗੀ। ਇਸ ਮੌਕੇ ਦਲਜੀਤ ਸਿੰਘ ਰਾਜੂ, ਕਮੇਟੀ ਪ੍ਰਧਾਨ ਰਾਣਾ, ਜਨਰਲ ਸਕੱਤਰ ਅਮਨਦੀਪ, ਹਰਭਜਨ ਲਾਲ, ਗੁਰਨਾਮ ਰਾਮ, ਹਰਮੇਸ਼ ਲਾਲ, ਰਵਿੰਦਰ ਸਿੰਘ ਰਾਏ, ਗੁਰਮੁਖ ਆਦਿ ਹਾਜ਼ਰ ਸਨ।