ਏਡਿਡ ਸਕੂਲ਼ ਅਧਿਆਪਕ ਜੱਥੇਬੰਦੀ ਵੱਲੋਂ ਸੰਘਰਸ਼ ਦੀ ਚੇਤਾਵਨੀ
ਅੰਮ੍ਰਿਤਸਰ 22 ਜੂਨ ( ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ )ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਬੀਤੀ ਫਰਵਰੀ 2023 ਤੋਂ ਬਾਅਦ ਤਨਖਾਹ ਗ੍ਰਾਂਟ ਜਾਰੀ ਕਰਨ ਵਿੱਚ ਸਿੱਖਿਆਂ ਵਿਭਾਗ ਅਸਫ਼ਲ ਸਿੱਧ ਹੋਇਆ ਹੈ।ਜਦਕਿ ਏਡਿਡ ਸਕੂਲਾਂ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਸੀ.ਐਂਡ.ਵੀ ਕੇਡਰ ਦੇ ਸੇਵਾ ਮੁਕਤ ਅਧਿਆਪਕਾਂ ਨੂੰ ਢਾਈ ਸਾਲ ਉਪਰੰਤ ਵੀ ਪੈਨਸ਼ਨ ਦੇ ਪੀ.ਪੀ.ਓ ਆਰਡਰ ਜਾਰੀ ਨਹੀਂ ਹੋ ਸਕੇ। ਇਸ ਸਬੰਧ ਵਿੱਚ ਪੰਜਾਬ ਰਾਜ ਸਰਕਾਰੀ ਸਹਾਇਤਾਂ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਐਨ.ਐਨ.ਸੈਣੀ ਅਤੇ ਸੂਬਾ ਸਰਪ੍ਰਸਤ ਤੇ ਪੈਨਸ਼ਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਨਲਾਇਕੀ ਕਾਰਨ ਸੂਬੇ ਹਜ਼ਾਰਾਂ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਫ਼ਰਵਰੀ 2023 ਤੋਂ ਬਾਅਦ ਹੁਣ ਤੱਕ ਤਨਖਾਹ ਗ੍ਰਾਂਟ ਜਾਰੀ ਨਹੀ ਹੋਈ ਹੈ।ਜਿਸ ਕਰਕੇ ਇਹਨਾਂ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਸੂਬੇ ਵਿੱਚ ਦਿੱਲੀ ਮਾਡਲ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਸਰਕਾਰ ਤੋਂ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਤਨਖ਼ਾਹ ਵੀ ਨਹੀ ਦਿੱਤੀ ਜਾਂਦੀ। ਉਹਨਾਂ ਕਿਹਾ ਕਿ ਸਿੱਖਿਆਂ ਵਿਭਾਗ ਦੇ ਡੀ.ਸੀ.ਐਫ.ਏ ਦੀ ਦੀ ਅਣਗਹਿਲੀ ਕਾਰਨ ਨਾ ਤਾਂ ਪੈਨਸ਼ਨਰਾਂ ਦੇ ਪੈਨਸ਼ਨ ਕੇਸ ਪਾਸ ਹੋ ਰਹੇ ਹਨ ਅਤੇ ਨਾ ਹੀ ਤਨਖ਼ਾਹਾਂ। ਉਹਨਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁਗ ਵਿੱਚ ਕੌਮ ਦੇ ਨਿਰਮਾਤਾ ਕਹਾਏ ਜਾਣ ਵਾਲੇ ਅਧਿਆਪਕਾਂ ਨੂੰ ਤਨਖਾਹਾਂ ਲੈਣ ਲਈ ਵੀ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਤਨਖਾਹਾਂ ਜਾਰੀ ਕਰਨ ਵਿੱਚ ਅੜਚਨਾਂ ਪਾਉਣ ਲਈ ਬੇਲੋੜੀਆਂ ਚਿੱਠੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਕੋਲ ਆਡੀਟਰਾਂ ਦੀ ਕਮੀ ਦਾ ਖਮਿਆਜ਼ਾ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਅਗਰ ਸਿੱਖਿਆ ਵਿਭਾਗ ਵੱਲੋਂ ਜਲਦ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਯੂਨੀਅਨ ਵੱਲੋਂ ਵਿਭਾਗ ਖਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਲੈਣ ਲਈ ਵੀ ਯੂਨੀਅਨ ਵੱਲੋਂ ਪੈਰਵੀ ਕੀਤੀ ਜਾ ਰਹੀ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਤਨਖ਼ਾਹ ਜਲਦ ਜਾਰੀ ਕਰਵਾਈ ਜਾਵੇ, ਢਾਈ ਸਾਲਾਂ ਤੋਂ ਰੁਕੇ ਪੈਨਸ਼ਨ ਆਰਡਰ ਤਰੁੰਤ ਜਾਰੀ ਕਰਵਾਏ ਜਾਣ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਅਮਲੇ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਤਰੁੰਤ ਦਿੱਤਾ ਜਾਵੇ। ਇਸ ਮੌਕੇ ਉਹਨਾਂ ਦੇ ਨਾਲ ਰਾਜ ਕੁਮਾਰ ਮਿਸ਼ਰਾ, ਦਲਜੀਤ ਸਿੰਘ ਮੁਹਾਲੀ, ਯਾਦਵਿੰਦਰ ਕੁਮਾਰ, ਸ਼ਰਨਜੀਤ ਸਿੰਘ, ਅਜੇ ਕੁਮਾਰ, ਡਾ. ਗੁਰਮੀਤ ਸਿੰਘ , ਰੁਪਿੰਦਰਜੀਤ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਰੋਪੜ, ਅਨਿਲ ਭਾਰਤੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ।