ਫਗਵਾੜਾ 22 ਜੂਨ (ਸ਼ਿਵ ਕੋੜਾ)
ਬਲਾਕ ਕਾਂਗਰਸ ਫਗਵਾੜਾ (ਸ਼ਹਿਰੀ) ਦੇ ਪ੍ਰਧਾਨ ਮਨੀਸ਼ ਪ੍ਰਭਾਕਰ ਸਾਬਕਾ ਕੌਂਸਲਰ ਨੇ ਫਗਵਾੜਾ ਨਗਰ ਨਿਗਮ ਅਧੀਨ ਪ੍ਰਾਪਰਟੀ ਯੂ.ਆਈ.ਡੀ. ਨੰਬਰਾਂ ਦਾ ਸਰਵੇ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਗਈ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕਰੀਬ ਅੱਠ ਸਾਲ ਪਹਿਲਾਂ ਨਗਰ ਨਿਗਮ ਫਗਵਾੜਾ ਨੇ ਜਾਇਦਾਦ ਦੀ ਸ਼ਨਾਖਤ ਲਈ ਯੂ.ਆਈ.ਡੀ. ਨੰਬਰ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹਨ। ਉਨ੍ਹਾਂ ਦੱਸਿਆ ਕਿ ਫਗਵਾੜਾ ਸ਼ਹਿਰ ਦਾ ਅੰਦਰਲਾ ਹਿੱਸਾ ਲਾਲ ਲਕੀਰ ਵਿੱਚ ਹੋਣ ਕਾਰਨ ਟੀ.ਐਸ.-1 ਪ੍ਰਾਪਰਟੀ ਦਾ ਰਿਕਾਰਡ ਨੂੰ ਮਾਨਤਾ ਪ੍ਰਾਪਤ ਹੈ। ਪਰ ਸਰਕਾਰ ਵੱਲੋਂ ਟੀ.ਐਸ.-1 ਨੂੰ ਬੰਦ ਕਰਕੇ ਯੂ.ਆਈ.ਡੀ. ਨੰਬਰ ਜਾਰੀ ਕਰਨ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਪ੍ਰਾਈਵੇਟ ਕੰਪਨੀ ਵੱਲੋਂ ਸਰਵੇ ਕਰਵਾ ਕੇ ਜਾਇਦਾਦ ਦੀ ਸ਼ਨਾਖਤ ਲਈ ਯੂ.ਆਈ.ਡੀ. ਨੰਬਰ ਅਲਾਟ ਕੀਤੇ ਗਏ। ਪਰ ਕਈ ਯੂ.ਆਈ.ਡੀ. ਨੰਬਰਾਂ ਵਿੱਚ ਜਾਇਦਾਦ ਦੀ ਮਾਲਕੀ ਵਾਲਾ ਕਾਲਮ ਖਾਲੀ ਛੱਡ ਦਿੱਤਾ ਗਿਆ ਹੈ ਅਤੇ ਕਈ ਥਾਵਾਂ ’ਤੇ ਗਲਤ ਨਾਂ ਦਰਜ ਕੀਤੇ ਗਏ ਹਨ। ਜੇਕਰ ਕੋਈ ਇਸ ਤਰੁੱਟੀ ਨੂੰ ਦਰੁਸਤ ਕਰਵਾਉਣ ਲਈ ਨਿਗਮ ਦਫ਼ਤਰ ਜਾਂਦਾ ਹੈ ਤਾਂ ਉਸ ਤੋਂ ਮਾਲਕੀ ਦਾ ਸਬੂਤ ਮੰਗਿਆ ਜਾਂਦਾ ਹੈ, ਜਿਸ ਬਾਰੇ ਲਾਲ ਲਕੀਰ ਵਾਲੀ ਜਾਇਦਾਦ ਦੇ ਟੀ.ਐਸ.-1 ਤੋਂ ਹੀ ਪਤਾ ਲੱਗ ਸਕਦਾ ਹੈ। ਪਰ ਜਦੋਂ ਟੀਐਸ-1 ਦਾ ਰਿਕਾਰਡ ਮੰਗਿਆ ਜਾਂਦਾ ਹੈ ਤਾਂ ਪਾਬੰਦੀ ਦੀ ਗੱਲ ਆਖ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹਜ਼ਾਰਾਂ ਮਾਮਲੇ ਹਨ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਉਂਕਿ ਲੋਕਾਂ ਨੂੰ ਜਾਇਦਾਦ ਵੇਚਣ ਜਾਂ ਬੈਂਕ ਆਦਿ ਤੋਂ ਕਰਜ਼ਾ ਲੈਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਵਿੱਚ ਦੁਬਾਰਾ ਮੁਕੰਮਲ ਅਤੇ ਸਹੀ ਸਰਵੇ ਕਰਵਾ ਕੇ ਯੂ.ਆਈ.ਡੀ. ਨੰਬਰ ਅਲਾਟ ਕੀਤੇ ਜਾਣ। ਹਰੇਕ ਜਾਇਦਾਦ ਦੇ ਸਾਹਮਣੇ ਸਟੀਲ ਪਲੇਟ ’ਤੇ ਯੂ.ਆਈ.ਡੀ. ਨੰਬਰਾਂ ਨੂੰ ਅੰਕਿਤ ਕੀਤਾ ਜਾਵੇ, ਜਿਵੇਂ ਕਿ ਕਈ ਹੋਰ ਸ਼ਹਿਰਾਂ ਵਿੱਚ ਕੀਤਾ ਗਿਆ ਹੈ। ਯੂ.ਆਈ.ਡੀ. ਨੰਬਰਾਂ ਨੂੰ ਸਹੀ ਵੇਰਵਿਆਂ ਅਤੇ ਫੋਟੋਆਂ ਨਾਲ ਅੱਪਡੇਟ ਕਰਨ ਅਤੇ ਗਲਤੀ ਸੁਧਾਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਮੰਗ ਵੀ ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ ਨੇ ਕੀਤੀ ਹੈ।