ਲੰਬੀ, 20 ਮਾਰਚ
ਹਾਰ ਦੇ ਮਹਿਜ ਦਸ ਦਿਨਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਵਿੱਚ ਧੰਨਵਾਦੀ ਦੌਰੇ ‘ਤੇ ਨਿਕਲ ਪਏ। ਅੱਧੀ ਦਰਜਨ ਪਿੰਡਾਂ ਵਿਚ ਲੋਕਾਂ ਦੇ ਮੁਖਾਤਿਬ ਹੁੰਦਿਆਂ ਆਖਿਆ ਕਿ ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ ਹੈ। ਐਮਰਜੰਸੀ ਬਾਅਦ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਚੋਣ ਹਾਰ ਗਈ ਸੀ। ਲੋਕਾਂ ਨੇ ਬਦਲਾਅ ਦੀ ਚਾਹਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਵਾਲੀ ਕਾਂਗਰਸ ਸਰਕਾਰ ਵਾਂਗ ਆਪ ਸਰਕਾਰ ਵੀ ਜ਼ਿਆਦਾ ਵੱਡੇ ਵਾਅਦਿਆਂ ਨਾਲ ਵਜੂਦ ਵਿੱਚ ਆਈ ਹੈ। ਇਹ ਸਮਾਂ ਦੱਸੇਗਾ ਕਿ ਸਰਕਾਰ ਆਪਣੇ ਵਾਅਦਿਆਂ ‘ਤੇ ਖਰੀ ਉੱਤਰਦੀ ਹੈ ਜਾਂ ਅਮਰਿੰਦਰ ਸਰਕਾਰ ਵਾਂਗ ਝੂਠ ਦਾ ਪੁਲੰਦਾ ਸਾਬਤ ਹੁੰਦੀ ਹੈ। ਸਾਬਕਾ ਮੁੱਖ ਮੰਤਰੀ ਨੇ ਵਰਕਰਾਂ ਨੂੰ ਹੌਂਸਲਾ ਅਤੇ ਹਿੰਮਤ ਦਿੰਦੇ ਆਖਿਆ ਕਿ ਉਹ ਜ਼ਮੀਨ ਪੱਧਰ ‘ਤੇ ਲੋਕ ਹਿੱਤਾਂ ਪ੍ਰਤੀ ਡਟੇ ਰਹਿਣ। ਉਹ ਖੁਦ ਪਿੰਡ ਬਾਦਲ ਵਿਖੇ ਬੈਠੇ ਹਨ ਅਤੇ ਪਹਿਲਾਂ ਵਾਂਗ ਵਰਕਰਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਲ ਕਰਿਆ ਕਰਨਗੇ। ਸ੍ਰੀ ਬਾਦਲ ਨੇ ਜੱਦੀ ਪਿੰਡ ਬਾਦਲ ਤੋਂ ਧੰਨਵਾਦੀ ਦੌਰਾ ਸ਼ੁਰੂ ਕੀਤਾ। ਉਹ ਅੱਜ ਗੱਗੜ, ਮਿੱਠੜੀ ਬੁੱਧਗਿਰ ਅਤੇ ਫਤੂਹੀਵਾਲਾ ਵਿਖੇ ਲੋਕਾਂ ਦਾ ਧੰਨਵਾਦ ਕਰਨ ਪੁੱਜੇ। ਇਸ ਮੌਕੇ ਸ੍ਰੀ ਬਾਦਲ ਦੇ ਕਈ ਚਚੇਰੇ ਭਾਈ-ਭਤੀਜੇ ਅਤੇ ਪਾਰਟੀ ਦੇ ਪੇਂਡੂ ਇੰਚਾਰਜ ਮੌਜੂਦ ਸਨ।