ਤਰਨਤਾਰਨ,15 ਮਈ (ਰਾਕੇਸ਼ ਨਈਅਰ ਚੋਹਲਾ)
ਪੰਜਾਬ ਭਰ ਦੇ ਮੰਦਿਰਾਂ ਦੇ ਨਜ਼ਦੀਕ ਸ਼ਰਾਬ,ਮੀਟ ਅਤੇ ਤੰਬਾਕੂ ਦੀਆਂ ਦੁਕਾਨਾਂ ਬਿਲਕੁੱਲ ਚੱਲਣ ਨਹੀਂ ਦਿੱਤੀਆ ਜਾਣਗੀਆਂ, ਕਿਉਂਕਿ ਸਨਾਤਨ ਧਰਮ ਵਿੱਚ ਸ਼ਰਾਬ,ਮੀਟ ਅਤੇ ਤੰਬਾਕੂ ਦੇ ਸੇਵਨ ਨੂੰ ਵਰਜਿਤ ਕੀਤਾ ਗਿਆ ਹੈ।ਮੰਦਿਰਾਂ ਨਜ਼ਦੀਕ ਸ਼ਰਾਬ,ਮੀਟ ਅਤੇ ਤੰਬਾਕੂ ਦੀਆਂ ਦੁਕਾਨਾਂ ਚਲਾਉਣ ਵਾਲੇ ਖੁਦ ਦੁਕਾਨਾਂ ਬੰਦ ਕਰ ਦੇਣ,ਨਹੀਂ ਤਾਂ ਸ਼ਿਵ ਸੈਨਾ ਬਾਲ ਠਾਕਰੇ ਅਤੇ ਭਗਵਾ ਸੈਨਾ ਪੰਜਾਬ ਭਰ ਵਿੱਚ ਅਜਿਹੀਆ ਦੁਕਾਨਾਂ ਨੂੰ ਖੁਦ ਬੰਦ ਕਰਵਾਏਗਾ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਵਾਈਸ ਪ੍ਰਧਾਨ ਹਰਵਿੰਦਰ ਸੋਨੀ ਅਤੇ ਭਗਵਾ ਸੈਨਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਮੀਟਿੰਗ ਉਪਰੰਤ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਲੋਕ ਚੰਦ ਪੈਸੇ ਦੇ ਲਾਲਚ ਵਿੱਚ ਮੰਦਿਰਾਂ ਦੇ ਨਜ਼ਦੀਕ ਸ਼ਰਾਬ,ਮੀਟ ਅਤੇ ਤੰਬਾਕੂ ਦੀਆਂ ਦੁਕਾਨਾਂ ਚਲਾਉਂਦੇ ਹਨ। ਇਹ ਦੁਕਾਨਾਂ ਮੰਦਿਰਾਂ ਦੇ ਨਜ਼ਦੀਕ ਹੋਣ ਕਾਰਨ ਸ਼ਰਧਾਲੂਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਸੋਨੀ ਅਤੇ ਦਵੇਸਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਮੰਦਿਰਾਂ ਦੇ ਨਜ਼ਦੀਕ ਸ਼ਰਾਬ,ਮੀਟ ਅਤੇ ਤੰਬਾਕੂ ਦੀਆਂ ਦੁਕਾਨਾਂ ਚਲਾਉਣ ਵਾਲੇ ਖੁਦ ਆਪਣਾ ਕਾਰੋਬਾਰ ਬਦਲ ਲੈਣ। ਉਨ੍ਹਾਂ ਪੰਜਾਬ ਭਰ ਦੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਸਨਾਤਨ ਸਮਾਜ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੰਦਿਰਾਂ ਦੇ ਨਜ਼ਦੀਕ ਤੋਂ ਸ਼ਰਾਬ, ਮੀਟ ਅਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਵਾਈਆ ਜਾਣ।ਜੇਕਰ ਪ੍ਰਸ਼ਾਸਨ ਇਸ ਮਸਲੇ ਵੱਲ ਧਿਆਨ ਨਹੀਂ ਦਿੰਦਾ ਤਾਂ ਸ਼ਿਵ ਸੈਨਾ ਬਾਲ ਠਾਕਰੇ ਅਤੇ ਭਗਵਾ ਸੈਨਾ ਸੰਗਠਨ ਦੀ ਟੀਮ ਮੰਦਿਰਾਂ ਦੇ ਨਜ਼ਦੀਕ ਤੋਂ ਸ਼ਰਾਬ,ਮੀਟ ਅਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਵਾਏਗੀ। ਇਸ ਮੌਕੇ ’ਤੇ ਭਗਵਾ ਸੈਨਾ ਸੰਗਠਨ ਦੇ ਪੰਜਾਬ ਯੁਵਾ ਚੇਅਰਮੈਨ ਬਲਵਿੰਦਰ ਸ਼ਰਮਾ ਅਤੇ ਪੰਜਾਬ ਯੂਥ ਪ੍ਰਧਾਨ ਹਰੀਸ਼ ਕੁਮਾਰ ਨੇ ਕਿਹਾ ਕਿ ਸਨਾਤਨ ਧਰਮ ਦੇ ਖਿਲਾਫ਼ ਜੋ ਵੀ ਕੰਮ ਕਰੇਗਾ,ਉਸਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।