ਚੰਡੀਗੜ੍ਹ, 15 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲ ਉਨ੍ਹਾਂ ਨੂੰ ਪਾਗਲ ਕਹਿਣ ’ਤੇ ਮੋੜਵਾਂ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਸ੍ਰੀ ਬਾਦਲ ਦੀ ਵੀਡੀਓ ਟਵੀਟ ਕਰਦਿਆਂ ਕਿਹਾ ਕਿ ‘ਆਹ ਦੇਖੋ ਪੰਜਾਬੀਓ, ਇਨ੍ਹਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ! ਬਾਦਲ ਵੀ ਸਾਹਬ, ਬਰਨਾਲਾ ਵੀ ਸਾਹਬ, ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ, ਮੈਨੂੰ ਪਾਗਲ ਜਿਹਾ, ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ,ਮੇਰੇ ਨਾਲ ਲੋਕ ਨੇ, ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ।’
ਗੌਰਤਲਬ ਹੈ ਕਿ ਸੁਖਬੀਰ ਬਾਦਲ ਨੇ ਪਿਛਲੇ ਦਿਨੀਂ ਗੁਰਦੁਆਰੇ ਵਿੱਚ ਪੁਰਾਣੇ ਮੁੱਖ ਮੰਤਰੀਆਂ ਦੇ ਕਾਰਜਕਾਲ ਗਿਣਵਾ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚਾਰ ਹੀ ਮੁੱਖ ਮੰਤਰੀ ਰਹੇ ਸਨ। ਬਾਦਲ ਸਾਹਿਬ ਲੰਬਾ ਸਮਾਂ ਮੁੱਖ ਮੰਤਰੀ ਰਹੇ ਹਨ। ਬਰਨਾਲਾ ਸਾਹਿਬ ਢਾਈ ਸਾਲ ਰਹੇ, ਬੇਅੰਤ ਸਿੰਘ ਪੰਜ ਸਾਲ ਤੇ ਕੈਪਟਨ ਅਮਰਿੰਦਰ ਸਿੰਘ 10 ਸਾਲ ਮੁੱਖ ਮੰਤਰੀ ਰਹੇ ਸਨ। ਇਸ ਦੌਰਾਨ ਸ੍ਰੀ ਬਾਦਲ ਨੇ ਭਗਵੰਤ ਮਾਨ ਨੂੰ ਪਾਗਲ ਜਿਹਾ ਕਹਿ ਕੇ ਸੰਬੋਧਿਤ ਕੀਤਾ ਸੀ।