ਗੁਰਦੁਆਰਾ ਸੱਚਖੰਡ ਬੋਰਡ ਵਲੋ ਸਿਕਲੀਗਰ ਸਮਾਜ ਦੇ ਤਿੰਨ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਦੋਸ਼ੀਆਂ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ: ਡਾ: ਪਰਵਿੰਦਰ ਸਿੰਘ ਪਸਰੀਚਾ
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ ) ਪਿਛਲੇ ਦਿਨੀਂ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਨਾਲ ਲਗਦੇ ਜਿਲ੍ਹਾ ਪ੍ਰਭਨੀ ਦੇ ਪਿੰਡ ਤਾੜ ਕਲਸ ਵਿੱਚ ਸ਼ਿਕਲੀਗਰ ਸਮਾਜ ਦੇ ਤਿੰਨ ਨੌਜਵਾਨਾਂ ਨੂੰ, ਜਿਨ੍ਹਾਂ ਦੀ ਉਮਰ ਕੇਵਲ 14 ਤੋਂ 16 ਸਾਲ ਸੀ, ਨੂੰ ਅਸਮਾਜਿਕ ਤੱਤਾਂ ਵੱਲੋਂ ਬਹੁਤ ਹੀ ਬੇਰਹਿਮੀ ਤੇ ਵਹਿਸ਼ੀਆਨਾ ਤ੍ਰੀਕੇ ਨਾਲ ਮਾਰਿਆ ਗਿਆ। ਇਨ੍ਹਾਂ ਵਿਚੋਂ ਇੱਕ ਨੌਜਵਾਨ ਕਿਰਪਾਲ ਸਿੰਘ ਸੁਰਜੀਤ ਸਿੰਘ ਭੋਡ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ ਅਵਤਾਰ ਸਿੰਘ ਤੇ ਗੋਰਾ ਸਿੰਘ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਪ੍ਰਭਨੀ ਦੇ ਗੌਰਮਿੰਟ ਹਸਪਤਾਲ ‘ਚ ਜ਼ੇਰੇ ਇਲਾਜ ਹਨ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਮਾਜ ਵਿਰੋਧੀ ਤੱਤਾਂ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਨ ਤੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਪ੍ਰਸ਼ਾਸਕ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਵੱਲੋਂ ਮਿਤੀ 30 ਜੁਲਾਈ ਨੂੰ ਇੱਕ ਵਿਸ਼ੇਸ਼ ਡੈਲੀਗੇਸ਼ਨ ਭੇਜਿਆ ਗਿਆ ਜਿਸ ਵਿੱਚ ਡਿਪਟੀ ਸੁਪਰਡੈਂਟ ਸ੍ਰ: ਆਰ. ਡੀ. ਸਿੰਘ, ਸ੍ਰ: ਰਵਿੰਦਰ ਸਿੰਘ ਕਪੂਰ ਸਹਾ ਸੁਪਰਡੈਂਟ, ਗਿਆਨੀ ਤੇਗਾ ਸਿੰਘ ਪ੍ਰਚਾਰਕ ਅਤੇ ਸਮਾਜ ਸੇਵੀ ਸ੍ਰ ਅਵਤਾਰ ਸਿੰਘ ਪਹਿਰੇਦਾਰ ਆਦਿ ਸ਼ਾਮਿਲ ਸਨ ਇਹ ਵਿਸ਼ੇਸ਼ ਡੈਲੀਗੇਸ਼ਨ ਸਭ ਤੋਂ ਪਹਿਲਾਂ ਪ੍ਰਭਨੀ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਅਵਤਾਰ ਸਿੰਘ ਤੇ ਗੋਰਾ ਸਿੰਘ ਨੂੰ ਮਿਲਿਆ ਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਅਤੇ ਪ੍ਰੀਵਾਰਕ ਮੈਂਬਰਾਂ ਨਾਲ ਚਲ ਰਹੇ ਇਲਾਜ ਸੰਬੰਧੀ ਗੱਲਬਾਤ ਕੀਤੀ ਇਸ ਤੋਂ ਉਪਰੰਤ ਪ੍ਰਭਨੀ ਜਿਲ੍ਹਾ ਕੁਲੈਕਟਰ ਮੈਡਮ ਆਂਚਲ ਸੂਦ ਗੋਇਲ ਆਈ.ਏ.ਐਸ. ਅਤੇ ਐਸ. ਪੀ. ਪ੍ਰਭਨੀ ਮੈਡਮ ਆਰ. ਰਾਗਾਸੂਦਾ ਆਈ.ਪੀ.ਐਸ. ਨਾਲ ਮੁਲਾਕਾਤ ਕਰਕੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦੇ ਨਾਲ ਨਾਲ ਮ੍ਰਿਤਕ ਪਰਿਵਾਰ ਦੇ ਵਾਰਸਾਂ ਨੂੰ ਪੰਝੀ ਲੱਖ ਰੁਪੈ ਅਤੇ ਜ਼ਖਮੀਆਂ ਨੂੰ ਦਸ-ਦਸ ਲੱਖ ਰੁਪੈ ਆਰਥਿਕ ਸਹਾਇਤਾ ਦੇਣ ਦਾ ਮੰਗ ਪੱਤਰ ਸੌਂਪਿਆ ਇਸ ਡੈਲੀਗੇਸ਼ਨ ਨੇ ਮਾਰੇ ਗਏ ਨੌਜਵਾਨ ਕਿਰਪਾਲ ਸਿੰਘ ਦੀ ਮਾਤਾ ਨਾਲ ਉਨ੍ਹਾਂ ਦੇ ਝੁਗੀ ਨੁਮਾ ਘਰ ਵਿੱਚ ਜਾਕੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਡਾ. ਪਸਰੀਚਾ ਜੀ ਪ੍ਰਸ਼ਾਸਕ ਸਾਹਿਬ ਵਲੋਂ ਜਿਥੇ ਸੰਵੇਦਨਾ ਪ੍ਰਗਟ ਕੀਤੀ ਉਥੇ ਨਾਲ ਹੀ ਪੂਰਨ ਇਨਸਾਫ ਦਿਵਾਉਣ ਵਿੱਚ ਹਰ ਤਰ੍ਹਾਂ ਦੀ ਮਦਦ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇੱਕ ਗੰਭੀਰ ਜ਼ਖਮੀ ਸ੍ਰ ਅਵਤਾਰ ਸਿੰਘ ਨੂੰ ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਦੇ ਆਦੇਸ਼ ‘ਤੇ ਗੁਰਦੁਆਰਾ ਸੱਚਖੰਡ ਸਾਹਿਬ ਦੇ ਸੁਪਰਡੈਂਟ ਸ੍ਰ. ਠਾਨ ਸਿੰਘ ਬੁੰਗਈ ਵੱਲੋਂ ਮਿਤੀ 31 ਜੁਲਾਈ ਸ਼ਾਮ 6.30 ਵਜੇ ਪ੍ਰਭਨੀ ਦੇ ਸਰਕਾਰੀ ਹਸਪਤਾਲ ਤੋਂ ਸ਼ਿਫਟ ਕਰਕੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਯਸੋ ਸਾਂਈ ਮਲਟੀ ਸਪੈਸ਼ਲਿਸਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ । ਸ੍ਰ. ਠਾਨ ਸਿੰਘ ਬੁੰਗਈ ਨੇ ਹਸਪਤਾਲ ਦੇ ਸੀ ਡਾ. ਦੇਸ਼ ਪਾਂਡੇ ਨੂੰ ਮਿਲ ਕੇ ਕਿਹਾ ਕਿ ਜ਼ਖਮੀ ਸ੍ਰ. ਅਵਤਾਰ ਸਿੰਘ ਦਾ ਵਧੀਆ ਤ੍ਰੀਕੇ ਨਾਲ ਇਲਾਜ ਕੀਤਾ ਜਾਵੇ ਜੋ ਵੀ ਖਰਚ ਆਵੇਗਾ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਵਲੋਂ ਦਿੱਤਾ ਜਾਵੇਗਾ ਸ੍ਰ.ਠਾਨ ਸਿੰਘ ਬੁੰਗਈ ਨੇ ਸ੍ਰੀ ਮਹਾਂਵਰਕਰ ਜੀ ਆਈ ਜੀ ਪੁਲੀਸ ਨਾਂਦੇੜ ਰੇਂਜ ਨੂੰ ਮਿਲਕੇ ਡਾ. ਪਸਰੀਚਾ ਜੀ ਪ੍ਰਸ਼ਾਸਕ ਸਾਹਿਬ ਵੱਲੋਂ ਪੱਤਰ ਸੌਂਪਿਆ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਮਿਸਾਲੀ ਸਜਾ ਦੇਣ ਦੀ ਮੰਗ ਕੀਤੀ ।