ਜਲੰਧਰ, 1 ਜੂਨ
ਇੱਥੇ ਅੱਜ ਪ੍ਰਾਈਵੇਟ ਕਾਲਜਾਂ ਦੇ ਸਟਾਫ ਵਲੋਂ ਪੇਪਰਾਂ ਦੇ ਬਾਈਕਾਟ ਦੇ ਐਲਾਨ ਤੋਂ ਬਾਅਦ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਬਦਲ ਦਿੱਤੇ। ਇਸ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਰਤਾਰਪੁਰ ਤੋਂ ਆਈ ਵਿਦਿਆਰਥਣ ਨੇ ਦੱਸਿਆ ਕਿ ਉਸ ਦਾ ਪ੍ਰੀਖਿਆ ਕੇਂਦਰ ਬਦਲ ਕੇ ਲਾਡੋਵਾਲੀ ਰੋਡ ਵਿਚ ਸਥਿਤ ਗੁਰੂ ਨਾਨਕ ਯੁਨੀਵਰਸਿਟੀ ਦੇ ਕਾਲਜ ਵਿਚ ਕਰ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸੀਟਿੰਗ ਪਲੈਨ ਵਿਚ ਆਪਣਾ ਰੋਲ ਨੰਬਰ ਦੇਖਿਆ ਤਾਂ ਉਸ ਨੂੰ ਰੋਲ ਨੰਬਰ ਨਹੀਂ ਮਿਲਿਆ। ਉਸ ਨੇ ਇਸ ਸਬੰਧ ਵਿਚ ਕਾਲਜ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨਾ ਚਾਹਿਆ ਪਰ ਨਹੀਂ ਹੋ ਸਕਿਆ। ਇਸੇ ਤਰ੍ਹਾਂ ਕਰਤਾਰਪੁਰ ਤੋਂ ਆਈ ਡਿੰਪਲ ਨੇ ਦੱਸਿਆ ਕਿ ਇਸ ਪ੍ਰੀਖਿਆ ਕੇਂਦਰ ਵਿਚ ਜਲੰਧਰ ਦੇ ਕਰੀਬ ਸਾਰੇ ਨਿੱਜੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਤਬਦੀਲ ਕੀਤਾ ਗਿਆ ਹੈ ਤੇ ਇੱਥੇ ਇੰਝ ਲੱਗ ਰਿਹਾ ਹੈ ਜਿਵੇਂ ਉਹ ਕਿਸੇ ਮੇਲੇ ਵਿਚ ਆ ਗਈ ਹੋਵੇ। ਉਸ ਨੇ ਦੱਸਿਆ ਕਿ ਇਥੇ ਨਾ ਤਾਂ ਕੰਟੀਨ ਹੈ ਤੇ ਨਾ ਹੀ ਬੈਠਣ ਲਈ ਕੋਈ ਪ੍ਰਬੰਧ ਕੀਤਾ ਗਿਆ ਹੈ। ਐੱਚਐੱਮਵੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰੀਨ ਨੇ ਦੱਸਿਆ ਕਿ ਕਾਲਜ ਦਾ ਸਾਰਾ ਸਟਾਫ ਧਰਨੇ ’ਤੇ ਬੈਠਣ ਕਾਰਨ ਹੋਸਟਲ ਵਿਚ ਰਹਿੰਦੀਆਂ ਵਿਦਿਆਰਥਣਾਂ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ ਲਈ ਬੱਸਾਂ ਦਾਪ੍ਰਬੰਧ ਕਰਨਾ ਪਿਆ। ਕਿਉਂਕਿ ਉਨ੍ਹਾਂ ਦੇ ਕਾਲਜ ਦਾ ਪ੍ਰੀਖਿਆ ਕੇਂਦਰ ਲੱਧੇਵਾਲੀ ਕੈਂਪਸ ਵਿਚ ਬਣਿਆ ਹੈ। ਇਸੇ ਤਰ੍ਹਾਂ ਨਕੋਦਰ ਤੋਂ ਆਏ ਵਿਦਿਆਰਥੀਆਂ ਨੂੰ ਵੀ ਕੇਂਦਰਾਂ ਤੱਕ ਪਹੁੰਚਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਸਣੇ ਜਲੰਧਰ ਜ਼ਿਲ੍ਹੇ ਦੇ ਨਿੱਜੀ ਕਾਲਜਾਂ ਦੇ ਸਟਾਫ ਨੇ ਧਰਨਾ ਦੇ ਕੇ ਪ੍ਰੀਖਿਆ ਦਾ ਬਾਈਕਾਟ ਕੀਤਾ।