ਸਿਡਾਨਾ ਸਪੋਰਟਸ ਅਕੈਡਮੀ
ਸਿਡਾਨਾ ਇੰਸਟੀਚਿਊਟ ਅੰਮ੍ਰਿਤਸਰ ਨੇ ਕੀਤਾ ਸਪੋਰਟਸ ਅਕੈਡਮੀ ਦਾ ਐਲਾਨ
ਆਊਟਡੋਰ ਖੇਡਾਂ ਨੂੰ ਉਤਸ਼ਾਹਿਤ ਕਰਨ ‘ਤੇ ਦਿੱਤਾ ਜਾਵੇਗਾ ਵਿਸ਼ੇਸ਼ ਜ਼ੋਰ
ਅੰਮ੍ਰਿਤਸਰ, 29 ਮਈ: (ਗੁਰਮੀਤ ਸਿੰਘ ਰਾਜਾ )ਅੰਮ੍ਰਿਤਸਰ ਦੇ ਨੌਜਵਾਨਾਂ ਦੀ ਅਪਾਰ ਖੇਡ ਸਮਰੱਥਾ ਨੂੰ ਮਹਿਸੂਸ ਕਰਦੇ ਹੋਏ ਅਤੇ ਉਹਨਾਂ ਨੂੰ ਇਸ ਨੂੰ ਨਿਖਾਰਨ ਲਈ ਇੱਕ ਢੁਕਵਾਂ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਸਿਡਾਨਾ ਇੰਸਟੀਚਿਊਟ ਅੰਮ੍ਰਿਤਸਰ ਨੇ ਸਿਡਾਨਾ ਕ੍ਰਿਕਟ ਐਂਡ ਸਪੋਰਟਸ ਅਕੈਡਮੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਵੰਬਰ 2022 ਵਿਚ ਇੱਕ ਕ੍ਰਿਕੇਟ ਅਕੈਡਮੀ ਦੇ ਰੂਪ ਵਿੱਚ ਸ਼ੁਰੂ ਹੋਈ ਸਿਡਾਨਾ ਕ੍ਰਿਕੇਟ ਅਤੇ ਸਪੋਰਟਸ ਅਕੈਡਮੀ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਉੱਤੇ ਪਿੰਡ ਖਿਆਲਾ ਖੁਰਦ ਵਿੱਚ ਸੰਸਥਾ ਦੇ 10 ਏਕੜ ਦੇ ਕੈਂਪਸ ਵਿੱਚ ਸਥਿਤ ਹੈ।
ਸਰਹੱਦੀ ਪਿੰਡਾਂ ਦੇ ਨੇੜੇ ਸਥਿਤ ਹੋਣ ਕਾਰਨ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਖੇਡ ਅਕੈਡਮੀ ਇਨ੍ਹਾਂ ਖੇਤਰਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਅਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਬੁਰਾਈਆਂ ਨੂੰ ਠੱਲ੍ਹ ਪਾਉਣ ਵਿਚ ਸਹਾਇਤਾ ਕਰੇਗੀ। ਇਹ ਅਕੈਡਮੀ ਸ਼ੁਰੂ ਵਿੱਚ ਐਥਲੈਟਿਕਸ, ਹੈਂਡਬਾਲ, ਕਬੱਡੀ, ਵਾਲੀਬਾਲ, ਖੋ-ਖੋ, ਸ਼ਾਟ ਪੁਟ ਅਤੇ ਲੰਬੀ ਛਾਲ ‘ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦਾ ਇਰਾਦਾ ਰੱਖਦੀ ਹੈ। ਇਸ ਸੰਸਥਾ ਨੇ ਇੱਕ ਸਿੰਥੈਟਿਕ ਐਥਲੈਟਿਕਸ ਟਰੈਕ ਦਾ ਵੀ ਪ੍ਰਸਤਾਵ ਰੱਖਿਆ ਹੈ ਜੋ ਕਿ ਇਸ ਵੇਲੇ ਅੰਮ੍ਰਿਤਸਰ ਵਿੱਚ ਕਿਤੇ ਵੀ ਉਪਲਬਧ ਨਹੀਂ ਹੈ। ਇਸ ਤੋਂ ਇਲਾਵਾ ਇੱਕ ਬਾਸਕਟਬਾਲ ਸਟੇਡੀਅਮ ਅਤੇ ਦਿਨ ਅਤੇ ਰਾਤ ਦੇ ਮੈਚਾਂ ਦੀ ਮੇਜ਼ਬਾਨੀ ਲਈ 24 ਘੰਟੇ ਚੱਲਣ ਵਾਲਾ ਸਟੇਡੀਅਮ ਵੀ ਪ੍ਰਸਤਾਵਿਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਡਾਨਾ ਇੰਸਟੀਚਿਊਟ ਅੰਮ੍ਰਿਤਸਰ ਦੇ ਡਾਇਰੈਕਟਰ ਡਾ: ਜੀਵਨ ਜੋਤੀ ਸਿਡਾਨਾ ਨੇ ਦੱਸਿਆ ਕਿ ਸਿਡਾਨਾ ਕ੍ਰਿਕਟ ਐਂਡ ਸਪੋਰਟਸ ਅਕੈਡਮੀ ਆਊਟਡੋਰ ਖੇਡਾਂ ‘ਤੇ ਵਧੇਰੇ ਜ਼ੋਰ ਦੇਵੇਗੀ। “ਹਾਲਾਂਕਿ ਅੰਦਰੂਨੀ ਖੇਡਾਂ ਹਰ ਥਾਂ ਉਪਲਬਧ ਹਨ, ਅਤੇ ਆਸਾਨੀ ਨਾਲ ਔਨਲਾਈਨ ਵੀ ਖੇਡੀਆਂ ਜਾ ਸਕਦੀਆਂ ਹਨ, ਬਾਹਰੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਖਾਸ ਤੌਰ ‘ਤੇ ਸਾਡੇ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਦੇ ਹਿੱਤ ਵਿੱਚ, ਅਤੇ ਇਸ ਤੱਥ ਦੇ ਮੱਦੇਨਜ਼ਰ ਕਿ ਉਨ੍ਹਾਂ ਕੋਲ ਖੇਡਾਂ ਲਈ ਬਹੁਤ ਵੱਡੀ ਅਣਵਰਤੀ ਸਮਰੱਥਾ ਹੈ, ਜਿਸ ਨੂੰ ਮਾਨਤਾ, ਅਤੇ ਸਿਖਲਾਈ ਦੇਣ ਅਤੇ ਉਤਸ਼ਾਹਿਤ ਕਰਨ ਦੀ ਲੋੜ ਹੈ,” ਉਨ੍ਹਾਂ ਨੇ ਕਿਹਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਆਊਟਡੋਰ ਖੇਡਾਂ ਖਾਸ ਕਰਕੇ ਕ੍ਰਿਕਟ ਅਤੇ ਐਥਲੈਟਿਕਸ ਲਈ ਨਵਾਂ ਨਹੀਂ ਹੈ। “ਇਤਿਹਾਸ ਗਵਾਹ ਹੈ ਕਿ ਇਸ ਸ਼ਹਿਰ ਨੇ ਮਦਨ ਲਾਲ, ਬਿਸ਼ਨ ਸਿੰਘ ਬੇਦੀ, ਅਥਲੈਟਿਕਸ ਦੇ ਮਹਾਨ ਖਿਡਾਰੀ ਗੁਰਬਚਨ ਸਿੰਘ ਰੰਧਾਵਾ ਵਰਗੇ ਮਹਾਨ ਖਿਡਾਰੀ ਦਿੱਤੇ ਹਨ। ਉਨ੍ਹਾਂ ਵਰਗੇ ਹੋਰ ਵੀ ਹਨ, ਜੋ ਖੋਜੇ ਜਾਣ ਅਤੇ ਸਿਖਲਾਈ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਹਨ,” ਡਾ ਸਿਡਾਨਾ ਨੇ ਕਿਹਾ।
ਡਾ ਸਿਡਾਨਾ ਨੇ ਦੱਸਿਆ ਕਿ ਸਿਡਾਨਾ ਕ੍ਰਿਕਟ ਅਤੇ ਸਪੋਰਟਸ ਅਕੈਡਮੀ ਦੇ ਮੁਖੀ ਸ ਰਜਿੰਦਰ ਸਿੰਘ ਛੀਨਾ ਖੁਦ ਅੰਤਰਰਾਸ਼ਟਰੀ ਪੱਧਰ ਦੇ ਐਥਲੀਟ ਅਤੇ ਐਥਲੈਟਿਕਸ ਕੋਚ ਹਨ| “ਉਨ੍ਹਾਂ ਤੋਂ ਇਲਾਵਾ, ਸਾਡੇ ਕੋਲ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਦੋ ਹੋਰ ਕੋਚ ਹਨ। ਹੋਰਾਂ ਨੂੰ ਵੀ ਸਮੇਂ ਸਿਰ ਨਿਯੁਕਤ ਕੀਤਾ ਜਾਵੇਗਾ,” ਉਨ੍ਹਾਂ ਨੇ ਕਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਖੇਡ ਮੰਤਰਾਲੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। “ਅਸੀਂ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਸਭ ਕੁਝ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ,” ਉਨ੍ਹਾਂ ਨੇ ਕਿਹਾ। ਇਸ ਮੌਕੇ ਤੇ ਸਲਾਹਕਾਰ ਡਾ: ਧਰਮਵੀਰ ਸਿੰਘ ਵੀ ਹਾਜ਼ਰ ਸਨ।
ਸਿਡਾਨਾ ਏਪੈਕਸ