ਅੰਮ੍ਰਿਤਸਰ, 26 ਮਈ ( ਰਣਜੀਤ ਸਿੰਘ ਮਸੌਣ ਕੁਸ਼ਾਲ ਸ਼ਰਮਾਂ )-ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਨੇ ਜਿਲ੍ਹੇ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਰਣਨੀਤੀ ਬਨਾਉਣ ਲਈ ਸੱਦੀ ਗਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਭਵਿੱਖ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਵਿਭਾਗ ਵੱਲੋਂ ਕੀਤਾ ਜਾਣ ਵਾਲਾ ਵਿਕਾਸ ਦਾ ਕੋਈ ਕੰਮ ਦੂਸਰੇ ਵਿਭਾਗ ਵੱਲੋਂ ਕਰਵਾਏ ਗਏ ਕੰਮਾਂ ਦਾ ਵਿਨਾਸ਼ ਨਾ ਬਣੇ। ਉਨਾਂ ਕਿਹਾ ਕਿ ਇਸ ਲਈ ਹਰੇਕ ਵਿਭਾਗ ਹੋਣ ਵਾਲੇ ਕੰਮਾਂ ਦੀ ਯੋਜਨਾ ਤਿਆਰ ਕਰਦੇ ਵਕਤ ਦੂਸਰੇ ਵਿਭਾਗ, ਜਿੰਨਾ ਨਾਲ ਉਨਾਂ ਦੇ ਕੰਮ ਕਿਸੇ ਨਾ ਕਿਸੇ ਤਰਾਂ ਸੰਗਠਿਤ ਹੁੰਦੇ ਹਨ, ਉਹਨਾਂ ਦਾ ਮਸ਼ਵਰਾ ਜ਼ਰੂਰ ਲਿਆ ਜਾਵੇ। ਉਨਾਂ ਕਿਹਾ ਕਿ ਅਕਸਰ ਪਿਛਲੇ ਸਮੇਂ ਵਿੱਚ ਵੇਖਿਆ ਜਾਂਦਾ ਰਿਹਾ ਹੈ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਬਣਾਈ ਸੜਕ ਨੂੰ ਸੀਵਰੇਜ ਜਾਂ ਪਾਣੀ ਸਪਲਾਈ ਵਿਭਾਗ ਆਪਣੀ ਲੋੜ ਲਈ ਪੁੱਟ ਰਿਹਾ ਹੁੰਦਾ ਹੈ। ਉਨਾਂ ਕਿਹਾ ਕਿ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਘਾਟ ਨਾਲ ਅਜਿਹਾ ਕਰਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਸਪ੍ਰੀਤ ਸਿੰਘ ਨੇ ਸਾਰੇ ਵਿਭਾਗਾਂ ਨੂੰ ਹੋਣ ਵਾਲੇ ਕੰਮਾਂ ਦੀ ਯੋਜਨਾਬੰਦੀ ਕਰਨ ਦੇ ਨਾਲ-ਨਾਲ ਇੰਨਾਂ ਕੰਮਾਂ ਦਾ ਬਜਟ ਤਿਆਰ ਕਰਨ ਲਈ ਵੀ ਕਿਹਾ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਤੇ ਚੋਰ-ਮੋਰੀਆਂ ਰੋਕਣਾਂ ਹੈ ਅਤੇ ਇਹ ਕੰਮ ਤੁਹਾਡੇ ਸਾਰੇ ਵਿਭਾਗਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨਾਂ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਜਿਲ੍ਹਾ ਡਿਵਲਪਮੈਂਟ ਯੋਜਨਾ ਤਿਆਰ ਕਰਨ, ਜਿਸ ਨਾਲ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਹੋਵੇ ਅਤੇ ਲੋਕਾਂ ਨੂੰ ਲੱਗੇ ਹੋਏ ਪੈਸੇ ਦਾ ਸੁੱਖ ਮਾਣਨ ਦਾ ਮੌਕਾ ਵੀ ਮਿਲੇ। ਅੱਜ ਦੀ ਮੀਟਿੰਗ ਵਿਚ ਸਿੱਖਆ, ਕਾਰਪੋਰੇਸ਼ਨ, ਲੋਕ ਨਿਰਮਾਣ ਵਿਭਾਗ, ਪੀ ਐਸ ਪੀ ਸੀ ਐਲ, ਬਾਗਬਾਨੀ, ਨਗਰ ਸੁਧਾਰ ਟਰੱਸਟ, ਪੇਡਾ, ਪੰਚਾਇਤ ਵਿਭਾਗ, ਸਿੰਚਾਈ ਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ – ਜਿਲ੍ਹਾ ਡਿਵਲਪਮੈਂਟ ਪਲਾਨ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਚੇਅਰਮੈਨ ਸ. ਜਸਪ੍ਰੀਤ ਸਿੰਘ।