ਹੁਸਿ਼ਆਰਪੁਰ, 17 ਫਰਵਰੀ (ਤਰਸੇਮ ਦੀਵਾਨਾ)- ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਬਰਾਬਰਤਾ ਅਧਾਰਿਤ ਸਮਾਜ ਬਣਾਉਣ ਦਾ ਸੰਦੇਸ਼ ਦਿੰਦੀ ਹੈ। ਸਤਿਗੁਰੂ ਰਵਿਦਾਸ ਮਹਾਰਾਜਾ ਜੀ ਦੀਆਂ ਸਿੱਖਿਆਵਾਂ ਅੱਜ ਵੀ ਢੁੱਕਵੀਆਂ ਅਤੇ ਸਾਰਥਿਕ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਾਲਦੇ ਪਿੰਡ ਧੁੱਗਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਧੁੱਗਿਆ ਵਾਲਿਆ ਨੇ ਕੁਝ ਚੌਣਵੇ ਪੱਤਰਕਾਰਾ ਨਾਲ ਕੀਤਾ ਉਹਨਾ ਕਿਹਾ ਕਿ ਗੁਰੂ ਜੀ ਨੇ ਬੇਗਮਪੁਰਾ ਦਾ ਸਕੰਲਪ ਦੇ ਕੇ ਸਾਰੇ ਮਨੁੱਖਾਂ ਲਈ ਇੱਕੋ ਜਿਹੇ ਸਮਾਜ ਦੀ ਸਿਰਜਨਾ ਕਰਨ ਦਾ ਸੰਦੇਸ਼ ਦਿੱਤਾ ਸੀ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਬਰਾਬਰਤਾ ਅਧਾਰਿਤ ਸਮਾਜ ਬਣਾਉਣ ਲਈ ਕੋਈ ਯਤਨ ਨਹੀਂ ਕੀਤਾ, ਜਿਸ ਕਾਰਨ ਦੇਸ਼ ਭਰ ’ਚ ਅਰਾਜਕਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਿੱਖਿਆ ਪ੍ਰਾਪਤ ਕਰਕੇ ਬੁੱਧੀਮਾਨ ਬਣਨ ਦੀ ਸਿੱਖਿਆ ਦਿੱਤੀ ਹੈ। ਇਸ ਲਈ ਸਮਾਜ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਜਿੱਥੇ ਆਪਣਾ ਜੀਵਨ ਖੁਸ਼ਹਾਲ ਬਣਾਉਣਾ ਚਾਹੀਦਾ ਹੈ, ਉੱਥੇ ਨਾਲ-ਨਾਲ ਦੇਸ਼ ਨੂੰ ਵਿਕਸਤ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਖੁਦ ਹੱਥੀਂ ਕਿਰਤ ਕਰਕੇ ਸਮਾਜ ਨੂੰ ਹੱਥੀਂ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਸਾਨੂੰ ਗੁਰੂ ਜੀ ਵਲੋਂ ਮਿਹਨਤ ਅਤੇ ਸਚਾਈ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਅਤੇ ਸਮਾਜ ਦਾ ਭਵਿੱਖ ਉੱਜਵਲ ਬਣਾਉਣਾ ਚਾਹੀਦਾ ਹੈ।