ਗੁਰਦੁਆਰਾ ਨਾਨਕਸਰ ਸਮਰਾਲਾ ਚੌਂਕ ਲੁਧਿਆਣਾ ਵਿਖੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਬਾਬਾ ਅਨਹਦਰਾਜ ਸਿੰਘ ਜੀ ਦੀ ਦੇਖ-ਰੇਖ ਹੇਠ ਸਾਲਾਨਾ ਮਹਾਨ ਗੁਰਮਤਿ ਸਮਾਗਮ ਅਤੇ ਦੂਜੀ ਬਰਸੀ ਸਮਾਗਮ ਸੰਤ ਬਾਬਾ ਜਸਵੰਤ ਸਿੰਘ ਜੀ 18 ਨਵੰਬਰ ਤੋਂ 21 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਪੋ੍ਰਗਰਾਮ ਦੇ ਪ੍ਰਬੰਧਕ ਸ੍ਰ. ਅਮਰਜੀਤ ਸਿੰਘ ਨੇ ਦੱਸਿਆ ਕਿ 18 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 19 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਇਸੇ ਦਿਹਾੜੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਮੁਫ਼ਤ ਕਾਨੂੰਨੀ ਸਹਾਇਤਾ ਕੈਂਪ ਪੰਜਾਬ ਕਾਨੂੰਨ ਅਥਾਰਟੀ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ। ਕੈਂਪ ਦਾ ਉਦਘਾਟਨ ਦਿੱਲੀ ਹਾਈਕੋਰਟ ਦੇ ਮਾਨਯੋਗ ਜੱਜ ਜਸਟਿਸ ਤਲਵੰਤ ਸਿੰਘ ਜੀ ਕਰਨਗੇ। 20 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਬਾਣੀ ਕੀਰਤਨ ਅਤੇ ਸੰਤ-ਸਮਾਗਮ ਹੋਵੇਗਾ। ਉਹਨਾਂ ਦੱਸਿਆ ਕਿ 21 ਨਵੰਬਰ ਦਿਨ ਸੋਮਵਾਰ ਨੂੰ ਸ਼ਾਮ 4 ਵਜੇ ਤੋਂ ਮੰਗਲਵਾਰ ਸਵੇਰੇ 7 ਵਜੇ ਤੱਕ ਅਲੌਕਿਕ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਹੋਵੇਗਾ। ਸਮਾਗਮ ਵਿੱਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਸਮੂਹ ਸਿੱਖ ਸੰਪਰਦਾਵਾਂ ਦੇ ਮਹਾਂਪੁਰਖ ਅਤੇ ਪੰਥ ਪ੍ਰਸਿੱਧ ਕੀਰਤਨੀ ਜਥੇ ਹਾਜ਼ਰੀਆਂ ਭਰਨਗੇ। 18 ਨਵੰਬਰ ਤੋਂ 20 ਨਵੰਬਰ ਤੱਕ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਡੈਂਟਲ ਚੈਂਕਅਪ ਕੈਂਪ ਲਗਾਇਆ ਜਾਵੇਗਾ। 20 ਅਤੇ 21 ਨਵੰਬਰ ਦੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਫਾਸਟ-ਵੇ ਚੈਨਲ, ਪੀ.ਟੀ.ਸੀ ਪੰਜਾਬੀ ਚੈਨਲ, ਸਿੱਖ ਚੈਨਲ, ਇੰਟਰਨੈੱਟ ਰਾਹੀਂ ਯੂ-ਟਿਉੂਬ, ਫੇਸ ਬੁਕ ਤੇ ਦੇਖ ਕੇ ਲਾਹਾ ਪ੍ਰਾਪਤ ਕਰੋ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।