Home » Punjab Crime : ਸ਼ਰਾਬ ਪੀਣ ਤੋਂ ਰੋਕਣ ’ਤੇ ਸੂਆ ਮਾਰ ਕੇ ਵਿਅਕਤੀ ਦਾ ਕੀਤਾ ਕਤਲ

Punjab Crime : ਸ਼ਰਾਬ ਪੀਣ ਤੋਂ ਰੋਕਣ ’ਤੇ ਸੂਆ ਮਾਰ ਕੇ ਵਿਅਕਤੀ ਦਾ ਕੀਤਾ ਕਤਲ

by Rakha Prabh
63 views

Punjab Crime : ਸ਼ਰਾਬ ਪੀਣ ਤੋਂ ਰੋਕਣ ’ਤੇ ਸੂਆ ਮਾਰ ਕੇ ਵਿਅਕਤੀ ਦਾ ਕੀਤਾ ਕਤਲ
ਪਟਿਆਲਾ, 17 ਅਕਤੂਬਰ : ਥਾਣਾ ਕੋਤਵਾਲੀ ਅਧੀਨ ਪੈਂਦੇ ਜੋੜੀਆਂ ਭੱਠੀਆਂ ਇਲਾਕੇ ’ਚ ਦੇਰ ਰਾਤ ਸ਼੍ਰੀ ਰਾਮ ਲੀਲਾ ਦੀ ਸਟੇਜ ’ਤੇ ਸ਼ਰਾਬ ਪੀਣ ਤੋਂ ਰੋਕਣ ’ਤੇ ਇਕ ਵਿਅਕਤੀ ਦਾ ਸੂਆ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਹਮਲਾਵਰ ਨੇ ਬਚਾਅ ਲਈ ਆਏ ਇਕ ਹੋਰ ਵਿਅਕਤੀ ਦੇ ਵੀ ਪੱਟ ’ਚ ਸੂਆ ਮਾਰ ਕੇ ਜ਼ਖ਼ਮੀ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਇਸ ਉਪਰੰਤ ਰੌਲਾ ਪੈਣ ’ਤੇ ਆਸ-ਪਾਸ ਹੋਰ ਗੁਆਂਢੀ ਵੀ ਉਥੇ ਪੁੱਜ ਗਏ। ਜਿਨ੍ਹਾਂ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਥੇ ਮੁੱਢਲੀ ਜਾਂਚ ਦੌਰਾਨ ਡਾਕਟਰਾਂ ਵੱਲੋਂ ਸਤਿੰਦਰ ਪਾਲ (62) ਵਾਸੀ ਜੌੜੀਆਂ ਭੱਠੀਆਂ ਨੂੰ ਮਿ੍ਰਤਕ ਐਲਾਨ ਦਿੱਤਾ ਜਦੋਂਕਿ ਜ਼ਖ਼ਮੀਂ ਕਰਨਸ਼ੇਰ ਸਿੰਘ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਥਾਣਾ ਕੋਤਵਾਲੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਮਿ੍ਰਤਕ ਦੇ ਭਤੀਜੇ ਪ੍ਰਤੀਕ ਨੇ ਦੱਸਿਆ ਕਿ ਹਮਲਾਵਰ ਤੇ ਉਸ ਦੇ ਤਾਏ ਦੀ ਗੁੜੀ ਮਿੱਤਰਤਾ ਸੀ। ਉਹ ਪਹਿਲਾਂ ਵੀ ਕਈ ਵਾਰ ਆਪਸ ’ਚ ਝਗੜਾ ਕਰਦੇ ਰਹਿੰਦੇ ਸਨ ਪਰ ਕਦੇ ਹੀ ਅਜਿਹੀ ਨੌਬਤ ਨਹੀਂ ਆਉਂਦੀ ਸੀ ਕਿ ਉਹ ਇਕ ਦੂਸਰੇ ’ਤੇ ਹਮਲਾ ਵੀ ਕਰ ਸਕਦੇ ਸਨ। ਲੰਘੀ ਰਾਤ ਸਾਢੇ 9 ਵਜੇ ਹਮਲਾਵਰ ਸਤੀਸ਼ ਕੁਮਾਰ ਜੌੜੀਆਂ ਭੱਠੀਆਂ ਵਿਖੇ ਸ਼੍ਰੀ ਰਾਮ ਲੀਲਾ ਦੀ ਸਟੇਜ ਉਪਰ ਹੀ ਸ਼ਰਾਬ ਦਾ ਸੇਵਨ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਤਾਏ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਇਕ ਧਾਰਮਿਕ ਸਮਾਗਮ ਦੀ ਸਟੇਜ ਹੈ ਜਿਥੇ ਸਾਨੂੰ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਸ ਦੌਰਾਨ ਨਸ਼ੇ ਦੀ ਹਾਲਤ ’ਚ ਉਕਤ ਵਿਅਕਤੀ ਆਪਣਾ ਆਪਾ ਖੋਹ ਬੈਠਾ ਤੇ ਉਸ ਨੇ ਤਾਏ ’ਤੇ ਬਰਫ਼ ਤੋੜਨ ਲਈ ਰੱਖੇ ਸੂਏ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ 9 ਦੇ ਕਰੀਬ ਸੂਏ ਨਾਲ ਵਾਰ ਪੱਟਾਂ ’ਤੇ ਕੀਤੇ ਅਤੇ ਇਕ ਵਾਰ ਉਨ੍ਹਾਂ ਦੀ ਛਾਤੀ ’ਚ ਕੀਤਾ। ਝਗੜਦਿਆਂ ਦੇਖ ਜਦੋਂ ਕਰਨਸ਼ੇਰ ਉਨ੍ਹਾਂ ਦਾ ਬਚਾਅ ਕਰਨ ਲਈ ਆਏ ਤਾਂ ਹਮਲਾਵਰ ਨੇ ਉਸ ਦੇ ਪੱਟ ਉਪਰ ਵੀ ਸੂਏ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਤਾਏ ਦੋ ਲੜਕੇ ਤੇ ਇਕ ਲੜਕੀ ਹੈ।

ਇਸ ਸਬੰਧੀ ਥਾਣਾ ਕੋਤਵਾਲੀ ਦੇ ਡਿਊਟੀ ਅਫ਼ਸਰ ਏਐਸਆਈ ਅਜੈਬ ਸਿੰਘ ਨੇ ਦਸਿਆ ਕਿ ਪੁਲਿਸ ਵੱਲੋਂ ਮਿ੍ਰਤਕ ਦੇ ਭਰਾ ਮਹੇਸ਼ਪਾਲ ਦੇ ਬਿਆਨਾਂ ਦੇ ਆਧਾਰ ’ਤੇ ਸਤੀਸ਼ ਕੁਮਾਰ ਵਾਸੀ ਜੱੱਟਾਂ ਵਾਲਾ ਚੌਂਤਰਾ ਦੇ ਖਿਲਾਫ਼ ਕਤਲ ਦਾ ਮਾਮਲਾ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਹਮਲਾਵਰ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ, ਜਲਦ ਹੀ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

Related Articles

Leave a Comment